ਤਿਰੁਅਨੰਤਪੁਰਮ, 12 ਜੂਨ
ਰੂਸ-ਯੂਕਰੇਨ ਜੰਗ ਦੌਰਾਨ ਪੜ੍ਹਾਈ ਵਿਚਾਲੇ ਛੱਡ ਕੇ ਯੂਕਰੇਨ ਤੋਂ ਭਾਰਤ ਪਰਤੇ ਵਿਦਿਆਰਥੀਆਂ ਨੂੰ ਰੂਸ ਦੀਆਂ ਯੂਨੀਵਰਸਿਟੀਆਂ ਵੱਲੋਂ ਦਾਖਲਿਆਂ ਦੀ ਪੇਸ਼ਕਸ਼ ਕੀਤੀ ਜਾਵੇਗੀ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਪਿਛਲੇ ਸੈਸ਼ਨ ਦੌਰਾਨ ਕੀਤੀ ਗਈ ਪੜ੍ਹਾਈ ਦੇ ਨੁਕਸਾਨ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਹ ਗੱਲ ਨਵੀਂ ਦਿੱਲੀ ਸਥਿਤ ਰੂਸੀ ਦੂਤਵਾਸ ਵਿੱਚ ਮਿਸ਼ਨ ਦੇ ਉਪ ਪ੍ਰਮੁੱਖ ਰੋਮਨ ਬਾਬੂਸ਼ਿਕਨ ਨੇ ਐਤਵਾਰ ਨੂੰ ਕਹੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਰੂਸ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲਾ ਦਿੱਤਾ ਜਾਵੇਗਾ ਜਿਥੇ ਉਹ ਸਬੰਧਤ ਪਾਠਕ੍ਰਮ ਜਾਰੀ ਰੱਖ ਸਕਣਗੇ ਅਤੇ ਪਾੜ੍ਹਿਆਂ ਨੂੰ ਪਿਛਲੇ ਸਾਲਾਂ ਵਿੱਚ ਕੀਤੇ ਗਏ ਅਧਿਐਨ ਦੇ ਨੁਕਸਾਨ ਦਾ ਸਾਹਮਣਾ ਨਹੀਂ ਕਰਨਾ ਪਏਗਾ। ਇਸੇ ਦੌਰਾਨ ਤਿਰੁਅਨੰਤਪੁਰਮ ਵਿੱਚ ਰੂਸੀ ਸਦਨ ਦੇ ਡਾਇਰੈਕਟਰ ਰਤੀਸ਼ ਸੀ. ਨਾਇਰ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਕੋਲ ਸਕਾਲਰਸ਼ਿਪ ਹਨ, ਸੰਭਵ ਹੈ ਕਿ ਰੂਸ ਦੀਆਂ ਯੂਨੀਵਰਸਿਟੀਆਂ ਵੱਲੋਂ ਇਨ੍ਹਾਂ ਨੂੰ ਸਵੀਕਾਰ ਕੀਤਾ ਜਾਵੇਗਾ। -ਪੀਟੀਆਈ