ਅਲਾਹਾਬਾਦ, 29 ਜਨਵਰੀ
ਕਾਂਗਰਸੀ ਨੇਤਾ ਹਾਰਦਿਕ ਪਟੇਲ ਨੇ ਵਿਦਿਆਰਥੀਆਂ ਨੂੰ ਦੇਸ਼ ਵਿੱਚ ਬੇਰੁਜ਼ਗਾਰੀ ਖ਼ਿਲਾਫ਼ ਇੱਕਜੁਟ ਹੋ ਕੇ ਲੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਸ਼ਨਿਚਰਵਾਰ ਨੂੰ ਇੱਥੇ ਅਲੋਪੀਬਾਗ ਵਿੱਚ ਆਲ ਇੰਡੀਆ ਸਰਦਾਰ ਪਟੇਲ ਸੇਵਾ ਸੰਸਥਾਨ ਦੇ ਗੇਟ ’ਤੇ ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਕਿਹਾ, ‘‘ਅੱਜ ਦੇਸ਼ ਅਤੇ ਸੂਬੇ ਵਿੱਚ ਬੇਰੁਜ਼ਗਾਰੀ ’ਤੇ ਸਵਾਲ ਉੱਠ ਰਹੇ ਹਨ। ਕਾਂਗਰਸ ਨੂੰ ਇਹ ਦੇਖ ਕੇ ਦੁੱਖ ਹੋ ਰਿਹਾ ਹੈ ਕਿ ਨੌਜਵਾਨਾਂ ਨੂੰ ਡੰਡਿਆਂ ਨਾਲ ਕੁੱਟਿਆ ਜਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਰੋਧੀਆਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ ਅਤੇ ਇਸ ਲਈ ਪੁਲੀਸ ਤੇ ਪ੍ਰਸ਼ਾਸਨ ਦੀ ਵਰਤੋਂ ਕੀਤੀ ਜਾ ਰਹੀ ਹੈ। ਪਟੇਲ ਨੇ ਕਿਹਾ, ‘‘ਅਜਿਹੇ ਹਾਲਾਤ ਵਿੱਚ ਮੈਂ ਦੇਸ਼ ਦੇ ਨੌਜਵਾਨਾਂ ਨੂੰ ਇਕੱਠੇ ਹੋ ਕੇ ਲੜਨ ਦੀ ਅਪੀਲ ਕਰਦਾ ਹਾਂ। ਅੱਜ ਰੁਜ਼ਗਾਰ ਦੇ ਨਾਮ ’ਤੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਇਸ ਸੰਸਥਾਨ ਦੇ ਅੰਦਰ ਜਾਣ ਦੀ ਆਗਿਆ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ। ਪਟੇਲ ਨੇ ਕਿਹਾ, ‘‘ਅਸੀਂ ਐਤਵਾਰ ਨੂੰ ਵਾਰਾਨਸੀ ਜਾਵਾਂਗੇ ਅਤੇ ਸੂਬੇ ਦੇ ਸਾਰੇ ਨੌਜਵਾਨਾਂ ਨੂੰ ਇਕੱਠਿਆਂ ਕਰਨ ਲਈ ਸਾਡੀਆ ਕੋਸ਼ਿਸ਼ਾਂ ਜਾਰੀ ਰਹਿਣਗੀਆਂ।’’ ਜ਼ਿਕਰਯੋਗ ਹੈ ਕਿ ਪਟੇਲ ਅਤੇ ਐੱਨਐੱਸਯੂਆਈ ਦੇ ਪ੍ਰਧਾਨ ਨੀਰਜ ਕੁੰਦਨ ਵੱਲੋਂ ਪਟੇਲ ਸੰਸਥਾਨ ਵਿੱਚ ਮੀਟਿੰਗ ਰੱਖੀ ਗਈ ਸੀ ਪਰ ਜ਼ਿਲ੍ਹੇ ਵਿੱਚ ਧਾਰਾ 144 ਅਤੇ ਕਰੋਨਾ ਪਾਬੰਦੀਆਂ ਲਾਗੂ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਸ ਦੀ ਆਗਿਆ ਨਾ ਦਿੱਤੀ ਗਈ। -ਪੀਟੀਆਈ