ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜੂਨ
ਫ਼ੌਜ ਵਿੱਚ ਚਾਰ ਸਾਲ ਲਈ ਆਰਜ਼ੀ ਤੌਰ ਉਤੇ ਠੇਕਾ ਭਰਤੀ ਦੀ ਸਕੀਮ ‘ਅਗਨੀਪਥ’ ਦੇ ਵਿਰੋਧ ’ਚ ਅੱਜ ਇੱਥੇ ਜੰਤਰ-ਮੰਤਰ ’ਤੇ ਵੱਖ-ਵੱਖ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ। ਵਿਦਿਆਰਥੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੌਜਵਾਨਾਂ ਨਾਲ ਹਰ ਸਾਲ ਦੋ ਕਰੋੜ ਨੌਕਰੀਆਂ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਸੀ ਪਰ ਉਸ ਦੇ ਉਲਟ ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਹੀ 44 ਕਰੋੜ ਹੋ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੇ ਮੁਲਕ ਦੀ ਦੌਲਤ ਦਾ ਅੱਧੇ ਤੋਂ ਵੱਧ ਹਿੱਸਾ ਚੋਣਵੇਂ ਵਿਅਕਤੀਆਂ ਕੋਲ ਇਕੱਠਾ ਕਰ ਦਿੱਤਾ ਹੈ। ਜਥੇਬੰਦੀਆਂ ਨੇ ਕਿਹਾ ਕਿ ਸਾਧਨ ਵਿਹੂਣੇ ਬੇਰੁਜ਼ਗਾਰਾਂ ਅਤੇ ਕਾਰਪੋਰੇਟ ਜਗਤ ਦੇ ਦੌਲਤ ਦੇ ਭੰਡਾਰ ਨੂੰ ਸਰਕਾਰ ਦੇਸ਼ ਵਿੱਚ ਫਿਰਕੂ ਫ਼ਸਾਦਾਂ ਦੀ ਚਾਦਰ ਨਾਲ ਢਕ ਰਹੀ ਹੈ। ਨੌਜਵਾਨਾਂ ਤੇ ਵਿਦਿਆਰਥੀਆਂ ਨੇ ਕਿਹਾ ਕਿ ਇਹ ਸਕੀਮ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਹੈ ਤੇ ਨੌਜਵਾਨਾਂ ਦੇ ਭਵਿੱਖ ਨੂੰ ਹਨੇਰੇ ਵੱਲ ਧੱਕ ਰਹੀ ਹੈ।
ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਸੁਖਜਿੰਦਰ ਮਹੇਸਰੀ (ਪੰਜਾਬ) ਨੇ ਮੰਗ ਕੀਤੀ ਕਿ ਸਰਕਾਰ ਦੇਸ਼ ਦੇ ਹਰੇਕ 18 ਤੋਂ 58 ਸਾਲ ਦੇ ਰੁਜ਼ਗਾਰ ਚਾਹੁੰਦੇ ਬਾਲਗ ਨੂੰ ਪੱਕੇ ਰੁਜ਼ਗਾਰ ਦੀ ਗਾਰੰਟੀ ਦੇਵੇ। ਇਸ ਰੋਸ ਮੁਜ਼ਾਹਰੇ ਨੂੰ ਭਾਰਤੀ ਜਨਵਾਦੀ ਨੌਜਵਾਨ ਸਭਾ ਦੇ ਪ੍ਰਧਾਨ ਹੇਮਾਘਨਰਾਜ (ਬੰਗਾਲ), ਆਲ ਇੰਡੀਆ ਯੂਥ ਫੈਡਰੇਸ਼ਨ ਦੇ ਜਨਰਲ ਸਕੱਤਰ ਆਰ. ਤਿਰੁਮਲਾਈ (ਤਾਮਿਲਨਾਡੂ), ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਵਿੱਕੀ ਮਹੇਸ਼ਰੀ, ਏ.ਆਈ.ਡੀ.ਐੱਸ.ਓ. ਦੇ ਸੌਰਵ ਘੋਸ਼ ਤੇ ਹੋਰਾਂ ਨੇ ਸੰਬੋਧਨ ਕੀਤਾ।