ਕੋਲਮ/ਗੁਹਾਟੀ, 16 ਸਤੰਬਰ
ਸੀਨੀਅਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪਿਛਲੇ 45 ਸਾਲਾਂ ਵਿੱਚ ਭਾਰਤ ਵਿੱਚ ਬੇਰੁਜ਼ਗਾਰੀ ਦੀ ਦਰ ਅੱਜ ਸਭ ਤੋਂ ਵੱਧ ਹੈ ਅਤੇ ਕਾਂਗਰਸ ਪਾਰਟੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਨੌਜਵਾਨਾਂ ਦੇ ਭਵਿੱਖ ਨੂੰ ਮਜ਼ਬੂਤ ਕਰੇ ਤੇ ਉਨ੍ਹਾਂ ਦੇ ਦਿਮਾਗ ਵਿੱਚ ਸਕਾਰਾਤਮਕਤਾ ਲਿਆਏ। ਇਸ ਦੌਰਾਨ ਕਾਂਗਰਸ ਦੀ ‘ਭਾਰਤ ਜੋੜੋ’ ਯਾਤਰਾ ਅੱਜ 9ਵੇੇਂ ਦਿਨ ਕੋਲਾਮ ਜ਼ਿਲ੍ਹੇ ਦੇ ਨੀਂਦਾਕਾਰਾ ਪਹੁੰਚ ਗਈ। ਉਧਰ ਸੀਨੀਅਰ ਪਾਰਟੀ ਆਗੂ ਜੈਰਾਮ ਰਮੇਸ਼ ਨੇ ਗੁਹਾਟੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਭਾਰਤ ਜੋੜੋ ਯਾਤਰਾ’ ਨੂੰ ਕਾਂਗਰਸ ਲਈ ‘ਬੂਸਟਰ ਡੋਜ਼’ ਤੇ ਦੇਸ਼ ਦੀ ਸਿਆਸਤ ਵਿੱਚ ‘ਫੈਸਲਾਕੁਨ ਤੇ ਕਾਇਆ-ਕਲਪ ਵਾਲਾ ਪਲ’ ਕਰਾਰ ਦਿੱਤਾ ਹੈ। ਰਮੇਸ਼ ਨਾਲ ਇਸ ਮੌਕੇ ਰਾਜ ਸਭਾ ਦੇ ਉਨ੍ਹਾ ਦੇ ਸਾਥੀ ਦਿਗਵਿਜੈ ਸਿੰਘ ਵੀ ਮੌਜੂਦ ਸਨ। ਰਾਹੁਲ ਗਾਂਧੀ ਨੇ ਇਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਮਾਰਚ ਦੌਰਾਨ ਉਹ ਕਈ ਨੌਜਵਾਨਾਂ ਨੂੰ ਮਿਲੇ ਹਨ ਤੇ ਨੌਜਵਾਨ ਵੱਲੋਂ ਸਰਕਾਰ ਤੋਂ ਲਾਈਆਂ ਉਮੀਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੌਕੇ ਸੀਨੀਅਰ ਆਗੂ ਵੀ.ਡੀ.ਸਾਥੀਸਾਨ ਤੇ ਕੇ.ਸੀ.ਵੇਣੂਗੋਪਾਲ ਵੀ ਉਨ੍ਹਾਂ ਨਾਲ ਮੌਜੂਦ ਸਨ। -ਪੀਟੀਆਈ
ਲੋਕਾਂ ਕੋਲ ਜਾਣਾ ਚੰਗੀ ਗੱਲ: ਸੀਪੀਐੱਮ
ਨਵੀਂ ਦਿੱਲੀ: ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ‘ਭਾਰਤ ਜੋੜੋ’ ਯਾਤਰਾ ਨੂੰ ਲੈ ਕੇ ਕਾਂਗਰਸ ਪ੍ਰਤੀ ਆਪਣੀ ਸੁਰ ਨਰਮ ਕਰਦਿਆਂ ਕਿਹਾ ਕਿ ‘ਲੋਕਾਂ ਕੋਲ ਜਾਣਾ’ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਖੱਬੀ ਪਾਰਟੀ ਦੇਸ਼ ਵਿੱਚ ‘ਧਰਮਨਿਰਪੱਥ ਤੇ ਜਮਹੂਰੀ’ ਜਥੇਬੰਦੀਆਂ ਨੂੰ ਇਕਜੁਟ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਚੇਤੇ ਰਹੇ ਕਿ ਸੀਪੀਐੱਮ ਨੇ ਆਪਣੀ ਹੀ ਪਾਰਟੀ ਦੇ ਰਾਜ ਵਾਲੇ ਸੂਬੇ ਵਿੱਚ ‘ਭਾਰਤ ਜੋੜੋ’ ਯਾਤਰਾ 18 ਦਿਨਾਂ ਤੱਕ ਜਾਰੀ ਰੱਖਣ ਲਈ ਕਾਂਗਰਸ ਨੂੰ ਘੇਰਿਆ ਸੀ।