ਕਿਸ਼ਨਗੰਜ (ਬਿਹਾਰ), 24 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਦੇਸ਼ ਦੀਆਂ ਸਰਹੱਦਾਂ ਨੂੰ ਮਜ਼ਬੂਤ ਕਰਨ ਨੂੰ ਤਰਜੀਹ ਦਿੱਤੀ ਹੈ ਅਤੇ ਇਹੀ ਕਾਰਨ ਹੈ ਕਿ ਮੌਜੂਦਾ ਸ਼ਾਸਨ ਤਹਿਤ ਇਨ੍ਹਾਂ ਇਲਾਕਿਆਂ ਵਿੱਚ ਬੁਨਿਆਦੀ ਢਾਂਚਾ ਵਿਕਾਸ ’ਤੇ ਖ਼ਰਚ ਵਧਿਆ ਹੈ। ਨੇਪਾਲ ਦੀ ਸਰਹੱਦ ਨਾਲ ਲੱਗਦੇ ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਦੇ ਫਤਹਿਪੁਰ ਚੌਕੀ ’ਤੇ ਸਸ਼ਤਰ ਸੀਮਾ ਬਲ (ਐੱਸਐੱਸਬੀ) ਦੇ ਕਰਮੀਆਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਦੇਸ਼ ਦੀ ਕੌਮਾਂਤਰੀ ਸਰਹੱਦ ਦੀ ਪਹਿਰੇਦਾਰੀ ਕਰ ਰਹੇ ਜਵਾਨਾਂ ਦੀਆਂ ਲੋੜਾਂ ਪ੍ਰਤੀ ਕੇਂਦਰ ਦੇ ਸੰਵੇਦਨਸ਼ੀਲ ਹੋਣ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ, ‘‘2008 ਅਤੇ 2014 ਵਿਚਕਾਰ ਸਾਲਾਨਾ ਕਰੀਬ 4,000 ਕਰੋੜ ਰੁਪਏ ਸਰਹੱਦੀ ਬੁਨਿਆਦੀ ਢਾਂਚੇ ’ਤੇ ਖਰਚ ਕੀਤੇ ਗਏ। ਬਾਅਦ ਵਿੱਚ ਇਹ ਖਰਚ ਪ੍ਰਤੀ ਸਾਲ ਵਧ ਕੇ 6,000 ਕਰੋੜ ਰੁਪਏ ਹੋ ਗਿਆ।’’
ਸ਼ਾਹ ਨੇ ਫਤਹਿਪੁਰ, ਰਾਣੀਗੰਜ, ਆਮਗਾਛੀ, ਪੇਕਾਟੋਲਾ ਅਤੇ ਬੋਰੀਆ ਚੌਕੀਆਂ ਦੀਆਂ ਇਮਾਰਤਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਕੇਂਦਰ ਨੇ ਸਰਹੱਦੀ ਬੁਨਿਆਦੀ ਢਾਂਚੇ ਸਬੰਧੀ ਯੋਜਨਾਵਾਂ ’ਤੇ 44,600 ਕਰੋੜ ਰੁਪਏ ਖਰਚ ਕੀਤੇ ਹਨ। ਸ਼ਾਹ ਨੇ ਕਿਹਾ, ‘‘ਇਸ ਤਹਿਤ ਸਰਹੱਦੀ ਸੜਕਾਂ ਦੀ ਲੰਬਾਈ 3.5 ਗੁਣਾ ਵਧ ਗਈ ਹੈ।’’ -ਪੀਟੀਆਈ
ਭਾਜਪਾ ਦਾ ਸਫ਼ਾਇਆ ਹੋਵੇਗਾ: ਲਾਲੂ
ਪਟਨਾ: ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਭਾਜਪਾ ਦਾ ਸਫ਼ਾਇਆ ਹੋਵੇਗਾ। ਉਨ੍ਹਾਂ ਪਟਨਾ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਣ ਮੌਕੇ ਸ਼ਾਹ ਵੱਲੋਂ ਸ਼ੁੱਕਰਵਾਰ ਨੂੰ ਪੂਰਨੀਆ ਰੈਲੀ ਮੌਕੇ ਬਿਹਾਰ ਦੀ ਗੱਠਜੋੜ ਸਰਕਾਰ ਦੀ ਕੀਤੀ ਗਈ ਆਲੋਚਨਾ ਬਾਰੇ ਪੱਤਰਕਾਰਾਂ ਦੇ ਸਵਾਲਾਂ ਦਾ ਜੁਆਬ ਦਿੰਦਿਆਂ ਕਿਹਾ, ‘‘ਫਿਕਰ ਨਾ ਕਰੋ, ਭਾਜਪਾ ਦਾ ਸਫ਼ਾਇਆ ਹੋ ਜਾਵੇਗਾ।’’ -ਪੀਟੀਆਈ