ਨਵੀਂ ਦਿੱਲੀ, 7 ਅਕਤੂਬਰ
ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਹੈ ਕਿ ਸਰਕਾਰ ਮੀਡੀਆ ਦੀ ਆਜ਼ਾਦੀ ’ਚ ਭਰੋਸਾ ਰੱਖਦੀ ਹੈ ਪਰ ਟੀਆਰਪੀ ਦੇ ਮਕਸਦ ਨਾਲ ‘ਭੜਕਾਊ ਖ਼ਬਰਾਂ’ ਦਿਖਾਉਣੀਆਂ ਪੱਤਰਕਾਰੀ ਨਹੀਂ ਹੈ। ਇਹ ਬੰਦ ਹੋਣਾ ਚਾਹੀਦਾ ਹੈ। ਆਰਐੱਸਐੱਸ ਦੇ ਸਮਾਚਾਰ ਪੱਤਰ ‘ਪਾਂਚਜਨਿਆ’ ਦੇ ਇਕ ਸਮਾਗਮ ਵਿਚ ਬੋਲਦਿਆਂ ਮੰਤਰੀ ਨੇ ਕਿਹਾ ਕਿ ਵਿਕਾਊ ਤੇ ਝੂਠੀਆਂ ਖ਼ਬਰਾਂ ਤੋਂ ਬਾਅਦ ਹੁਣ ‘ਟੀਆਰਪੀ ਪੱਤਰਕਾਰੀ’ ਦਾ ਦੌਰ ਹੈ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਟੀਆਰਪੀ ਦਾ ਬੇਲੋੜਾ ਬੋਝ ਲਾਹ ਦੇਣਾ ਚਾਹੀਦਾ ਹੈ। ਕਿਸੇ ਦਿਨ ਉਨ੍ਹਾਂ ਨੂੰ ਸੁਧਾਰ ਕਰਨਾ ਹੀ ਪਵੇਗਾ। ਜਾਵੜੇਕਰ ਨੇ ਕਿਹਾ ਕਿ ਮਸ਼ਹੂਰੀ ਲਈ ਹੋਰ ਪ੍ਰਕਿਰਿਆ ਤੇ ਪੈਮਾਨੇ ਵੀ ਹੋ ਸਕਦੇ ਹੈ, ਪਰ ‘ਭੜਕਾਊ ਖ਼ਬਰਾਂ ਪੱਤਰਕਾਰੀ ਨਹੀਂ ਹੋ ਸਕਦੀਆਂ।’ ਮੰਤਰੀ ਨੇ ਕਿਹਾ ਕਿ ਸਰਕਾਰ ਕਿਸੇ ਦਾ ਹੱਕ ਨਹੀਂ ਖੋਹਣਾ ਚਾਹੁੰਦੀ ਪਰ ਪੱਤਰਕਾਰੀ ਨੂੰ ਜ਼ਿੰਮੇਵਾਰੀ ਨਾਲ ਕੀਤੇ ਜਾਣ ਦੀ ਲੋੜ ਹੈ, ਮੀਡੀਆ ਨੂੰ ਇਹ ਖ਼ੁਦ ਹੀ ਕਰਨਾ ਪਵੇਗਾ। -ਪੀਟੀਆਈ