ਮੁੰਬਈ: ਅਰਬਪਤੀ ਨਾਦਿਰ ਗੋਦਰੇਜ ਨੇ ਕਿਹਾ ਹੈ ਕਿ ਦੇਸ਼ ਨੂੰ ਵੰਡਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਸਰਕਾਰ ਅਤੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪੱਖ ਵੱਲ ਵੀ ਧਿਆਨ ਦੇਣ। ਗੋਦਰੇਜ ਇੰਡਸਟੀਰਜ਼ ਦੇ ਚੇਅਰਮੈਨ ਅਤੇ ਐੱਮਡੀ ਨਾਦਿਰ ਨੇ ਕਿਹਾ ਕਿ ਆਰਥਿਕ ਮੁਹਾਜ਼ ’ਤੇ ਵਧੀਆ ਕੰਮ ਹੋ ਰਿਹਾ ਹੈ ਅਤੇ ਭਲਾਈ ਦੇ ਕਦਮ ਵੀ ਉਠਾਏ ਜਾ ਰਹੇ ਹਨ ਪਰ ਦੇਸ਼ ਨੂੰ ਇੱਕਜੁਟ ਕਰਨ ਦੀਆਂ ਕੋਸ਼ਿਸ਼ਾਂ ਵੀ ਹੋਣੀਆਂ ਚਾਹੀਦੀਆਂ ਹਨ। ਇਕ ਕਿਤਾਬ ਰਿਲੀਜ਼ ਕਰਨ ਮੌਕੇ ਉਨ੍ਹਾਂ ਇਹ ਵਿਚਾਰ ਪ੍ਰਗਟਾਏ। ਸਿਖਰਲੇ ਸਨਅਤਕਾਰ ਆਮ ਤੌਰ ’ਤੇ ਸਮਾਜਿਕ ਜਾਂ ਸਿਆਸੀ ਮਾਮਲਿਆਂ ’ਤੇ ਬੋਲਣ ਤੋਂ ਗੁਰੇਜ਼ ਕਰਦੇ ਹਨ ਪਰ ਨਾਦਿਰ ਗੋਦਰੇਜ ਨੇ ਖੁੱਲ੍ਹ ’ਕੇ ਵਿਚਾਰ ਪ੍ਰਗਟਾਏ। ਇਸ ਤੋਂ ਪਹਿਲਾਂ 2019 ’ਚ ਨਾਦਿਰ ਦੇ ਵੱਡੇ ਭਰਾ ਆਦੀ ਗੋਦਰੇਜ ਨੇ ਚਿਤਾਵਨੀ ਦਿੱਤੀ ਸੀ ਕਿ ਨਫ਼ਰਤੀ ਅਪਰਾਧ ਅਤੇ ਅਸਹਿਣਸ਼ੀਲਤਾ ਦੇ ਵਧ ਰਹੇ ਕੇਸ ਵਿਕਾਸ ਨੂੰ ਢਾਹ ਲਗਾ ਰਹੇ ਹਨ। -ਪੀਟੀਆਈ