ਗਰੀਆਬੰਦ (ਛੱਤੀਸਗੜ੍ਹ), 2 ਜਨਵਰੀ
ਛੱਤੀਸਗੜ੍ਹ ਦੇ ਗਰੀਆਬੰਦ ਜ਼ਿਲ੍ਹੇ ਵਿੱਚ ਐਤਵਾਰ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਹੋਈ ਗੋਲੀਬਾਰੀ ਵਿੱਚ ਸਪੈਸ਼ਲ ਟਾਸ ਫੋਰਸ (ਐੱਸਟੀਐੱਫ) ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ। ਪੁਲੀਸ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਮੁਕਾਬਲਾ ਸੂਬੇ ਦੀ ਰਾਜਧਾਨੀ ਰਾਇਪੁਰ ਤੋਂ 200 ਕਿਲੋਮੀਟਰ ਦੀ ਵਿੱਥ ’ਤੇ ਮੇਨਪੁਰ ਥਾਣੇ ਦੀ ਹੱਦ ਅੰਦਰ ਪੈਂਦੇ ਦੇਵਡੋਂਗਰ ਜੰਗਲ ਵਿੱਚ ਸਵੇਰੇ ਤੜਕੇ ਉਦੋਂ ਹੋਇਆ ਜਦੋਂ ਐੱਸਟੀਐੱਫ ਦੇ ਜਵਾਨ ਮਾਓਵਾਦੀਆਂ ਖ਼ਿਲਾਫ਼ ਵਿੱਢੀ ਗਈ ਕਾਰਵਾਈ ਤਹਿਤ ਜੰਗਲ ਵੱਲ ਗਏ ਸਨ। ਜ਼ਿਕਰਯੋਗ ਹੈ ਕਿ ਉੜੀਸਾ ਦੀ ਸਰਹੱਦ ਨਾਲ ਲੱਗਦੇ ਇਲਾਕੇ ਵਿੱਚ ਮਾਓਵਾਦੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਨੂੰ ਠੱਲ੍ਹਣ ਲਈ ਸ਼ਨਿਚਰਵਾਰ ਰਾਤ ਨੂੰ ਐੱਸਟੀਐੱਫ ਵੱਲੋਂ ਵਿੱਢੀ ਗਈ ਇਸ ਮੁਹਿੰਮ ਤਹਿਤ ਜੰਗਲ ਵਿੱਚ ਦੋ ਟੀਮਾਂ ਭੇਜੀਆਂ ਗਈਆਂ ਸਨ। ਜਦੋਂ ਇਨ੍ਹਾਂ ਵਿੱਚੋਂ ਇੱਕ ਟੀਮ ਪਹਾੜੀ ਰਸਤੇ ਰਾਹੀਂ ਜੰਗਲ ਵੱਲ ਵੱਧ ਰਹੀ ਸੀ ਤਾਂ ਉਨ੍ਹਾਂ ’ਤੇ ਹਥਿਆਰਬੰਦ ਨਕਸਲੀਆਂ ਨੇ ਹਮਲਾ ਕਰ ਦਿੱਤਾ, ਜਿਸ ਦੇ ਜਵਾਬ ਵਿੱਚ ਐੱਸਟੀਐੱਫ ਦੇ ਜਵਾਨਾਂ ਨੇ ਵੀ ਗੋਲੀਬਾਰੀ ਕੀਤੀ। ਕੁਝ ਚਿਰ ਚੱਲੀ ਗੋਲੀਬਾਰੀ ਮਗਰੋਂ ਨਕਸਲੀ ਸੰਘਣੇ ਜੰਗਲ ਵੱਲ ਚਲੇ ਗਏ। ਇਸ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਐੱਸਟੀਐੱਫ ਜਵਾਨ ਦੀ ਪਛਾਣ ਯੁਵਰਾਜ ਸਾਗਰ ਵਜੋਂ ਹੋਈ ਹੈ, ਜਿਸ ਦੇ ਪੇਟ ਦੇ ਨਿਚਲੇ ਹਿੱਸੇ ਵਿੱਚ ਗੋਲੀ ਵੱਜੀ ਹੈ। ਯੁਵਰਾਜ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸ ਨੂੰ ਰਾਏਪੁਰ ਲਈ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਡਿਸਟ੍ਰਿਕਟ ਰਿਜ਼ਰਵ ਗਾਰਡ (ਡੀਆਰਜੀ) ਅਤੇ ਸੀਆਰਪੀਐੱਫ ਦੀਆਂ ਟੀਮਾਂ ਨੂੰ ਘਟਨਾ ਵਾਲੀ ਥਾਂ ’ਤੇ ਭੇਜ ਕੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਗਈ ਹੈ। -ਪੀਟੀਆਈ