ਨਵੀਂ ਦਿੱਲੀ, 15 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿਹਾਤੀ ਖੇਤਰਾਂ ਵਿਚ ਸਿਹਤ ਸੰਭਾਲ ਢਾਂਚੇ ਦੇ ਵਿਸਤਾਰ ’ਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਘਰ-ਘਰ ਜਾ ਕੇ ਟੈਸਟ ਕਰਨ ਤੇ ਨਿਗਰਾਨੀ ਰੱਖਣ ਦੀ ਲੋੜ ਹੈ। ਮੋਦੀ ਨੇ ਜ਼ੋਰ ਦਿੱਤਾ ਕਿ ਸਥਾਨਕ ਪੱਧਰ ਉਤੇ ਕੰਟੇਨਮੈਂਟ ਰਣਨੀਤੀ ਸਮੇਂ ਦੀ ਲੋੜ ਹੈ, ਖਾਸ ਤੌਰ ਉਤੇ ਉਨ੍ਹਾਂ ਸੂਬਿਆਂ ਵਿਚ ਜਿੱਥੇ ਪਾਜ਼ੇਟਿਵਿਟੀ ਦਰ ਬਹੁਤ ਜ਼ਿਆਦਾ ਹੈ। ਇਕ ਉੱਚ ਪੱਧਰੀ ਬੈਠਕ ਦੀ ਅਗਵਾਈ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬਿਆਂ ਨੂੰ ਕੋਵਿਡ-19 ਕੇਸਾਂ ਦੀ ਗਿਣਤੀ ਪਾਰਦਰਸ਼ਤਾ ਨਾਲ ਦੱਸਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਮੋਦੀ ਨੇ ਕਿਹਾ ਕਿ ਰਾਜਾਂ ਨੂੰ ‘ਇਸ ਗੱਲ ਦੇ ਦਬਾਅ ਹੇਠ ਬਿਲਕੁਲ ਨਹੀਂ ਆਉਣਾ ਚਾਹੀਦਾ ਕਿ ਵੱਡੀ ਗਿਣਤੀ ਕੇਸ ਉਨ੍ਹਾਂ ਦੀ ਮਾੜੀ ਕਾਰਗੁਜ਼ਾਰੀ ਨੂੰ ਦਰਸਾਉਣਗੇ।’ ਜ਼ਿਕਰਯੋਗ ਹੈ ਕਿ ਕਈ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸੂਬੇ ਕੇਸਾਂ ਦੀ ਸਹੀ ਗਿਣਤੀ ਨਹੀਂ ਦੱਸ ਰਹੇ। ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਕਿ ਪੇਂਡੂ ਇਲਾਕਿਆਂ ਵਿਚ ਆਕਸੀਜਨ ਸਪਲਾਈ ਯਕੀਨੀ ਬਣਾਉਣ ਲਈ ਕੋਈ ਯੋਜਨਾ ਤਿਆਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਉਪਕਰਨਾਂ ਨੂੰ ਚਲਾਉਣ ਸਬੰਧੀ ਸਿਹਤ ਵਰਕਰਾਂ ਨੂੰ ਲੋੜੀਂਦੀ ਸਿਖ਼ਲਾਈ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਮੈਡੀਕਲ ਉਪਕਰਨਾਂ ਨੂੰ ਬੇਰੋਕ ਵਰਤੋਂ ਵਿਚ ਲਿਆਉਣ ਲਈ ਬਿਜਲੀ ਸਪਲਾਈ ’ਤੇ ਵੀ ਧਿਆਨ ਕੇਂਦਰਤ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਵਿਡ-19 ਦੀ ਪਹਿਲੀ ਲਹਿਰ ਦੌਰਾਨ ਦਿਹਾਤੀ ਭਾਰਤ ਵਿਚ ਜ਼ਿਆਦਾ ਅਸਰ ਨਹੀਂ ਹੋਇਆ ਸੀ, ਪਰ ਇਸ ਵਾਰ ਹਾਲਾਤ ਬਿਲਕੁਲ ਵੱਖਰੇ ਹਨ। ਪਿੰਡਾਂ ਵਿਚੋਂ ਵੱਡੀ ਗਿਣਤੀ ਕੇਸ ਤੇ ਮੌਤਾਂ ਸਾਹਮਣੇ ਆ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ‘ਆਸ਼ਾ’ ਤੇ ਆਂਗਨਵਾੜੀ ਵਰਕਰਾਂ ਨੂੰ ਜ਼ਰੂਰੀ ਉਪਕਰਨਾਂ ਨਾਲ ਲੈਸ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਜ਼ਿਆਦਾ ਪਾਜ਼ੇਟਿਵ ਦਰ ਵਾਲੇ ਖੇਤਰਾਂ ਵਿਚ ਆਰਟੀ-ਪੀਸੀਆਰ ਤੇ ਰੈਪਿਡ ਟੈਸਟ ਹੋਰ ਵਧਾਉਣ ਦੀ ਲੋੜ ਉਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਹੁਣ ਹਰੇਕ ਹਫ਼ਤੇ ਕਰੀਬ 1.3 ਕਰੋੜ ਟੈਸਟ ਕੀਤੇ ਜਾ ਰਹੇ ਹਨ। -ਪੀਟੀਆਈ
ਕਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਲੁਕਾ ਰਹੀ ਹੈ ਸਰਕਾਰ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਕੁਝ ਰਾਜਾਂ ਤੇ ਖਾਸ ਤੌਰ ’ਤੇ ਗੁਜਰਾਤ ’ਚ ਕੋਵਿਡ-19 ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਕਰਕੇ ਦਿਖਾਉਣ ਦਾ ਦੋਸ਼ ਲਾਇਆ ਅਤੇ ਕੇਂਦਰ ਤੇ ਰਾਜ ਸਰਕਾਰ ਦੋਵਾਂ ਤੋਂ ਸਪੱਸ਼ਟੀਕਰਨ ਮੰਗਿਆ। ਕਾਂਗਰਸ ਆਗੂਆਂ ਪੀ ਚਿਦੰਬਰਮ ਤੇ ਸ਼ਕਤੀ ਸਿੰਘ ਗੋਹਿਲ ਨੇ ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਦੋਸ਼ ਲਾਇਆ ਕਿ ਇਸ ਸਾਲ ਗੁਜਰਾਤ ’ਚ 2020 ਮੁਕਾਬਲੇ ਦੁੱਗਣੀਆਂ ਮੌਤਾਂ ਹੋਈਆਂ ਹਨ ਅਤੇ ਦਾਅਵਾ ਕੀਤਾ ਕਿ ਇਸ ਵਾਧੇ ਨੂੰ ਸੁਭਾਵਿਕ ਨਹੀਂ ਕਿਹਾ ਜਾ ਸਕਦਾ ਤੇ ਨਾ ਹੀ ਇਸ ਲਈ ਸਿਰਫ਼ ਮਹਾਮਾਰੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ। ਦੋਵਾਂ ਆਗੂਆਂ ਨੇ ਇੱਕ ਖ਼ਬਰ ਦਾ ਹਵਾਲਾ ਦਿੱਤਾ ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਗੁਜਰਾਤ ਨੇ 1 ਮਾਰਚ ਤੋਂ 10 ਮਈ ਵਿਚਾਲੇ ਤਕਰੀਬਨ 1.23 ਲੱਖ ਮੌਤ ਸਰਟੀਫਿਕੇਟ ਜਾਰੀ ਕੀਤੇ ਹਨ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਤਕਰੀਬਨ 58 ਹਜ਼ਾਰ ਮੌਤ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਰਾਜ ਦੇ 33 ਜ਼ਿਲ੍ਹਿਆਂ ਤੋਂ ਅੰਕੜੇ ਇਕੱਠੇ ਕਰਨ ਤੋਂ ਬਾਅਦ ਇਸ ਦੀ ਪੁਸ਼ਟੀ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਕੱਠੇ ਕੀਤੇ ਗਏ ਮੌਤ ਸਰਟੀਫਿਕੇਟਾਂ ਦੀ ਗਿਣਤੀ ਪ੍ਰਕਾਸ਼ਿਤ ਗਿਣਤੀ ਨਾਲ ਤਕਰੀਬਨ ਮੇਲ ਖਾਂਦੀ ਹੈ ਅਤੇ ਇਹ ਪਿਛਲੇ ਸਾਲ ਦੇ 58068 ਸਰਟੀਫਿਕੇਟਾਂ ਮੁਕਾਬਲੇ 1,23,873 ਬਣਦੀ ਹੈ। ਹਾਲਾਂਕਿ ਗੁਜਰਾਤ ਸਰਕਾਰ ਨੇ ਇਸ ਦੌਰਾਨ ਅਧਿਕਾਰਤ ਤੌਰ ’ਤੇ ਕਰੋਨਾ ਕਾਰਨ ਸਿਰਫ਼ 4218 ਮੌਤਾਂ ਹੋਣ ਦੀ ਗੱਲ ਕਹੀ ਹੈ।
ਚਿਦੰਬਰਮ ਨੇ ਕਿਹਾ ਕਿ ਮੌਤ ਸਰਟੀਫਿਕੇਟਾਂ ਦੀ ਗਿਣਤੀ ’ਚ ਵਾਧੇ ਅਤੇ ਕੋਵਿਡ-19 ਨਾਲ ਸਬੰਧਤ ਅਧਿਕਾਰਤ ਮੌਤਾਂ ਵਿਚਾਲੇ ਫਰਕ ਨੂੰ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਸਾਨੂੰ ਸ਼ੱਕ ਹੈ ਕਿ ਮੌਤਾਂ ਦੀ ਵਧੀ ਹੋਈ ਗਿਣਤੀ ਦਾ ਵੱਡਾ ਹਿੱਸਾ ਕੋਵਿਡ-19 ਕਾਰਨ ਅਤੇ ਰਾਜ ਸਰਕਾਰ ਮੌਤਾਂ ਦੀ ਸਹੀ ਗਿਣਤੀ ਨੂੰ ਦਬਾ ਰਹੀ ਹੈ।’ ਉਨ੍ਹਾਂ ਕਿਹਾ, ‘ਸ਼ਾਡੇ ਸ਼ੱਕ ਦੀ ਪੁਸ਼ਟੀ ਇਸ ਤੱਥ ਤੋਂ ਹੁੰਦੀ ਹੈ ਕਿ ਗੰਗਾ ਨਦੀ ’ਚ ਸੈਂਕੜੇ ਅਣਪਛਾਤੀਆਂ ਲਾਸ਼ਾਂ ਮਿਲੀਆਂ ਹਨ ਅਤੇ ਤਕਰੀਬਨ 2000 ਅਣਪਛਾਤੀਆਂ ਲਾਸ਼ਾਂ ਗੰਗਾ ਕਿਨਾਰੇ ਰੇਤ ’ਚ ਦੱਬੀਆਂ ਹੋਈਆਂ ਮਿਲੀਆਂ ਹਨ।’ ਉਨ੍ਹਾਂ ਦੋਸ਼ ਲਾਇਆ, ‘ਸਾਨੂੰ ਸ਼ੱਕ ਹੈ ਕਿ ਭਾਰਤ ਸਰਕਾਰ, ਕੁਝ ਰਾਜ ਸਰਕਾਰਾਂ ਨਾਲ ਮਿਲ ਕੇ ਨਵੇਂ ਮਰੀਜ਼ਾਂ ਤੇ ਕੋਵਿਡ-19 ਨਾਲ ਸਬੰਧਤ ਮੌਤਾਂ ਦੀ ਸਹੀ ਗਿਣਤੀ ਦਬਾ ਰਹੀ ਹੈ। ਜੇਕਰ ਸਾਡਾ ਸ਼ੱਕ ਸਹੀ ਹੈ ਤਾਂ ਇਹ ਕੌਮੀ ਸ਼ਰਮ ਤੇ ਕੌਮੀ ਤ੍ਰਾਸਦੀ ਤੋਂ ਇਲਾਵਾ ਇੱਕ ਅਨੈਤਿਕ ਕੰਮ ਹੈ।’ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਤੇ ਗੁਜਰਾਤ ਸਰਕਾਰ ਨੂੰ ਭਾਰਤ ਦੇ ਲੋਕਾਂ ਨੂੰ ਸਪੱਸ਼ਟੀਕਰਨ ਦੇਣਾ ਬਣਦਾ ਹੈ। ਕਾਂਗਰਸ ਇਸ ਮਾਮਲੇ ’ਚ ਜਵਾਬ ਤੇ ਸਪੱਸ਼ਟੀਕਰਨ ਮੰਗਦੀ ਹੈ। -ਪੀਟੀਆਈ
‘ਹਰਿਆਣਾ ਸਰਕਾਰ ਨੇ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਲੁਕਾਈ’
ਚੰਡੀਗੜ੍ਹ (ਆਤਿਸ਼ ਗੁਪਤਾ): ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਹਰਿਆਣਾ ਸਰਕਾਰ ਕਰੋਨਾ ਮਰੀਜ਼ਾਂ ਦੀਆਂ ਮੌਤਾਂ ਦੀ ਗਿਣਤੀ ਅਤੇ ਪੀਐੱਮ ਕੇਅਰ ਫੰਡ ਤੋਂ ਮਿਲਣ ਵਾਲੇ ਵੈਂਟੀਲੇਟਰ ਜਾਂ ਹੋਰ ਸਹੂਲਤਾਂ ਨੂੰ ਲੁਕਾ ਰਹੀ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਬੈੱਡਾਂ ਨਹੀਂ ਮਿਲ ਰਹੇ। ਪਿੰਡਾਂ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। ਸੂਬਾ ਸਰਕਾਰ ਨੂੰ ਸਾਰੀ ਜਾਣਕਾਰੀ ਜਨਤਕ ਕਰਨੀ ਚਾਹੀਦੀ ਹੈ। ਹਰਿਆਣਾ ਕਾਂਗਰਸ ਦੀ ਪ੍ਰਧਾਨ ਨੇ ਕਿਹਾ ਕਿ ਸੂਬੇ ਦੇ ਪਿੰਡਾਂ ’ਚ ਕਰੋਨਾ ਕਰਕੇ ਰੋਜ਼ਾਨਾ ਸੈਂਕੜੇ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਿਰਸਾ ਦੇ ਪਿੰਡ ਮੰਡੀ ਕਾਲਾਂਵਾਲੀ ਅਤੇ ਰੋੜੀ ਵਿੱਚ ਸਰਕਾਰੀ ਅੰਕੜਿਆਂ ਅਨੁਸਾਰ 7-7 ਦੀ ਮੌਤਾਂ ਹੋਈਆਂ ਹਨ ਪਰ ਪਿੰਡ ਵਾਸੀਆਂ ਅਨੁਸਾਰ 10 ਦਿਨਾਂ ਵਿੱਚ 13 ਮੌਤਾਂ ਹੋ ਚੁੱਕੀਆਂ ਹਨ। ਪਿੰਡ ਚੌਟਾਲਾ ਦੇ ਹਰ ਘਰ ਵਿੱਚ ਕਰੋਨਾ ਮਰੀਜ਼ ਹਨ। ਰੋਹਤਕ ਤੇ ਹਿਸਾਰ ਦੇ ਕੁਝ ਪਿੰਡਾਂ ਵਿੱਚ 50-50 ਮੌਤਾਂ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਪਲਵਲ ਦੇ ਪਿੰਡ ਔਰੰਗਾਬਾਦ ਤੇ ਮਿਤਰੋਲ ਵਿੱਚ ਵੀ 40 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੀਐੱਮ ਕੇਅਰ ਫੰਡ ਰਾਹੀਂ ਹਰਿਆਣਾ ’ਚ ਦਿੱਤੇ ਵੈਂਟੀਲੇਟਰਾਂ ਦੀ ਗਿਣਤੀ ਜਨਤਕ ਕੀਤੀ ਜਾਵੇ। ਉਸ ’ਚੋਂ ਕਿੰਨੇ ਕੁ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਦਵਾਈਆਂ ਤੇ ਆਕਸੀਜਨ ਦੀ ਕਾਲਾਬਾਜ਼ਾਰੀ ਰੋਕੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਕਰੋਨਾ ਮਰੀਜ਼ਾਂ ਦੇ ਘਰਾਂ ਵਿੱਚ ਦਵਾਈ ਦੀ ਕਿੱਟ ਪਹੁੰਚਾਵੇ। ਇਸ ਦੇ ਨਾਲ ਹੀ ਡਾਕਟਰਾਂ ਦੀ ਮੋਬਾਈਲ ਟੀਮ ਗਠਿਤ ਕੀਤੀ ਜਾਵੇ ਜੋ ਮਰੀਜ਼ਾਂ ਦੇ ਘਰ ਜਾ ਕੇ ਜਾਂਚ ਕਰਕੇ ਆਏ। ਉਨ੍ਹਾਂ ਕਿਹਾ ਕਿ ਕਿਸਾਨ ਤਕਰੀਬਨ 5 ਮਹੀਨੇ ਤੋਂ ਸੰਘਰਸ਼ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨ ਰੱਦ ਕਰਕੇ ਫ਼ਸਲਾਂ ਨੂੰ ਐੱਮਐੱਸਪੀ ’ਤੇ ਖਰੀਦ ਦੀ ਗਾਰੰਟੀ ਵਾਲਾ ਕਾਨੂੰਨ ਲਿਆਵੇ।
ਕੁਲ-ਮਿਲਾ ਕੇ ਕਰੋਨਾਵਾਇਰਸ ਦੀ ਸਥਿਤੀ ਸਥਿਰ ਹੋ ਰਹੀ ਹੈ: ਕੇਂਦਰ
ਨੀਤੀ ਆਯੋਗ ਦੇ ਮੈਂਬਰ ਮੈਂਬਰ ਵੀ.ਕੇ. ਪੌਲ ਨੇ ਅੱਜ ਕਿਹਾ ਕਿ ਦੇਸ਼ ਵਿਚ ਕੁਲ-ਮਿਲਾ ਕੇ ਕਰੋਨਾਵਾਇਰਸ ਦੀ ਸਥਿਤੀ ਸਥਿਰ ਹੋ ਰਹੀ ਹੈ। ਸਿਹਤ ਮੰਤਰਾਲੇ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ, ਯੂਪੀ, ਗੁਜਰਾਤ, ਛੱਤੀਸਗੜ੍ਹ, ਦਿੱਲੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿਚ ਵੀ ਕੇਸਾਂ ’ਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। -ਪੀਟੀਆਈ
ਸੂਬਿਆਂ ਨੂੰ 4.9 ਲੱਖ ਰੈਮਡੇਸਿਵਿਰ ਪਹੁੰਚਾਈ ਗਈ: ਕੇਂਦਰ
ਕੇਂਦਰ ਸਰਕਾਰ ਦਾ ਕਹਿਣਾ ਹੈ ਕਿ 27 ਅਪਰੈਲ ਤੋਂ 13 ਮਈ ਤੱਕ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 10953 ਆਕਸੀਜਨ ਕੰਸਨਟਰੇਟਰ, 13169 ਆਕਸੀਜਨ ਸਿਲੰਡਰ, 19 ਆਕਸੀਜਨ ਉਤਪਾਦਕ ਪਲਾਂਟ ਤੇ 4.9 ਲੱਖ ਰੈਮਡੇਸਿਵਿਰ ਵਾਇਲ ਪਹੁੰਚਾਈ ਗਈ ਹੈ। ਇਹ ਮਦਦ ਵਿਦੇਸ਼ਾਂ ਤੋਂ ਕੇਂਦਰ ਸਰਕਾਰ ਨੂੰ ਮਿਲੀ ਹੈ ਜੋ ਅਗਾਂਹ ਭੇਜੀ ਗਈ ਹੈ।
ਸੂਬਿਆਂ ਨੂੰ ਮਿਲੇ ਵੈਂਟੀਲੇਟਰਾਂ ਦਾ ਆਡਿਟ ਕਰਾਉਣ ਦੀ ਹਦਾਇਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਸੂਬਿਆਂ ਵਿਚ ਬਿਨਾਂ ਵਰਤੋਂ ਤੋਂ ਪਏ ਵੈਂਟੀਲੇਟਰਾਂ ਬਾਰੇ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਹਦਾਇਤ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਵੈਂਟੀਲੇਟਰਾਂ ਨੂੰ ਵਰਤੋਂ ਵਿਚ ਲਿਆਏ ਜਾਣ ਅਤੇ ਇਨ੍ਹਾਂ ਦੇ ਚੱਲਣ ਦੇ ਸਮੇਂ ਆਦਿ ਦਾ ਆਡਿਟ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇ ਲੋੜ ਪਵੇ ਤਾਂ ਵੈਂਟੀਲੇਟਰ ਚਲਾਉਣ ਬਾਰੇ ਸਿਹਤ ਵਰਕਰਾਂ ਨੂੰ ਢੁੱਕਵੀਂ ਸਿਖ਼ਲਾਈ ਦਿੱਤੀ ਜਾ ਸਕਦੀ ਹੈ।
ਹਿਮਾਚਲ ਪ੍ਰਦੇਸ਼ ’ਚ ਕਰਫਿਊ 26 ਤੱਕ ਵਧਾਇਆ
ਸ਼ਿਮਲਾ: ਹਿਮਾਚਲ ਪ੍ਰਦੇਸ਼ ਸਰਕਾਰ ਨੇ ਕੋਵਿਡ-19 ਕਰਫਿਊ 26 ਮਈ ਤੱਕ ਵਧਾਉਣ ਦਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ਹੇਠ ਅੱਜ ਹੋਈ ਮੰਤਰੀ ਮੰਡਲ ਦੀ ਮੀਟਿੰਗ ’ਚ ਕਰਫਿਊ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਰਾਜ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸੁਰੇਸ਼ ਭਾਰਦਵਾਜ ਨੇ ਦੱਸਿਆ ਕਿ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ਲਈ ਰੋਜ਼ਾਨਾ ਤਿੰਨ ਘੰਟੇ ਦੀ ਛੋਟ ਦਿੱਤੀ ਜਾਵੇਗੀ। ਮੰਗਲਵਾਰ ਤੇ ਸ਼ੁੱਕਰਵਾਰ ਨੂੰ ਹਾਰਡਵੇਅਰ ਦੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ। ਉਨ੍ਹਾਂ ਲੋਕਾਂ ਨੂੰ ਵਿਆਹ ਸਮਾਗਮ ਜਾਂ ਤਾਂ ਮੁਲਤਵੀ ਕਰਨ ਜਾਂ ਫਿਰ ਆਪਣੇ ਘਰਾਂ ’ਚ ਹੀ ਸਾਦੇ ਢੰਗ ਨਾਲ ਕਰਨ ਦੀ ਅਪੀਲ ਕੀਤੀ ਜਿਸ ’ਚ 20 ਤੋਂ ਵੱਧ ਲੋਕ ਇਕੱਠੇ ਨਾ ਹੋਣ। -ਪੀਟੀਆਈ