ਨਵੀਂ ਦਿੱਲੀ, 23 ਅਪਰੈਲ
ਕੇਂਦਰ ਦੀ ਵੈਕਸੀਨ ਨੀਤੀ ਨੂੰ ਵਿਤਕਰੇ ਵਾਲੀ ਕਰਾਰ ਦਿੰਦਿਆਂ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਅੱਜ ਸੂਬਿਆਂ ਨੂੰ ਸੁਝਾਅ ਦਿੱਤਾ ਕਿ ਟੀਕਿਆਂ ਲਈ ਕੀਮਤ ਤੈਅ ਕੀਤੇ ਜਾਣ ਦੇ ਫ਼ੈਸਲੇ ਨੂੰ ਉਹ ਨਾਮਨਜ਼ੂਰ ਕਰ ਦੇਣ। ਉਨ੍ਹਾਂ ਸੁਝਾਅ ਦਿੱਤਾ ਕਿ ਸੂਬਿਆਂ ਨੂੰ ਸਿੱਧੇ ਹੀ ਵੈਕਸੀਨ ਨਿਰਮਾਤਾ ਕੰਪਨੀਆਂ ਨਾਲ ਗੱਲਬਾਤ ਕਰਕੇ ਇਕਸਾਰ ਨਵੀਂ ਕੀਮਤ ਤੈਅ ਕਰਨੀ ਚਾਹੀਦੀ ਹੈ।
ਸਾਬਕਾ ਗ੍ਰਹਿ ਮੰਤਰੀ ਨੇ ਟਵੀਟ ਕਰਕੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ ਅਤੇ ਕਾਰਪੋਰੇਟ ਮੁਨਾਫ਼ਾਖੋਰੀ ਅੱਗੇ ਝੁੱਕ ਗਈ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਸਾਂਝੀ ਕੀਮਤ ਨਿਰਧਾਰਣ ਕਮੇਟੀ ਬਣਾ ਕੇ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨਾਲ ਟੀਕਿਆਂ ਦੀ ਕੀਮਤ ਤੈਅ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੰਪਨੀਆਂ ਨੂੰ ਮਜਬੂਰੀ ’ਚ ਸਾਰੇ ਸੂਬਿਆਂ ਨੂੰ ਘੱਟ ਅਤੇ ਇਕੋ ਕੀਮਤ ’ਤੇ ਦਵਾਈ ਦੇਣੀ ਪਵੇਗੀ। -ਪੀਟੀਆਈ