ਨਵੀਂ ਦਿੱਲੀ, 8 ਮਈ
ਕੇਂਦਰ ਨੇ ਅੱਜ ਦੱਸਿਆ ਕਿ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਕੋਵਿਡ-19 ਟੀਕਿਆਂ ਦੀਆਂ 84 ਲੱਖ ਤੋਂ ਵੱਧ ਖੁਰਾਕਾਂ ਹਨ ਅਤੇ 53 ਲੱਖ ਤੋਂ ਵੱਧ ਖੁਰਾਕਾਂ ਅਗਲੇ ਤਿੰਨ ਦਿਨਾਂ ਅੰਦਰ ਉਨ੍ਹਾਂ ਨੂੰ ਵੰਡੀਆਂ ਜਾਣਗੀਆਂ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੱਸਿਆ ਕਿ ਸੂਬਿਆਂ ਤੇ ਯੂਟੀਜ਼ ਨੂੰ ਹੁਣ ਤੱਕ 17.49 ਕਰੋੜ ਟੀਕੇ ਦਿੱਤੇ ਜਾ ਚੁੱਕੇ ਹਨ ਜਿਨ੍ਹਾਂ ’ਚੋਂ 16.7 ਕਰੋੜ ਖੁਰਾਕਾਂ ਦੀ ਖਪਤ ਹੋ ਚੁੱਕੀ ਹੈ। ਮੰਤਰਾਲੇ ਨੇ ਕਿਹਾ, ‘ਬਰਬਾਦ ਹੋਈਆਂ ਖੁਰਾਕਾਂ ਸਮੇਤ 16,65,49,583 ਖੁਰਾਕਾਂ ਦੀ ਖਪਤ ਹੋ ਚੁੱਕੀ ਹੈ। ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਇਸ ਸਮੇਂ 84 ਲੱਖ ਤੋਂ ਵੱਧ (84,08,187) ਖੁਰਾਕਾਂ ਹੁਣ ਵੀ ਹਨ।’ ਉਨ੍ਹਾਂ ਕਿਹਾ ਕਿ ਜਿਨ੍ਹਾਂ ਸੂਬਿਆਂ ’ਚ ਘੱਟ ਸਪਲਾਈ ਦਿਖਾਈ ਗਈ ਹੈ, ਉਹ ਟੀਕਿਆਂ ਦੀ ਸਪਲਾਈ ਮੁਕਾਬਲੇ ਵੱਧ ਖਪਤ ਦਿਖਾ ਰਹੇ ਹਨ ਤੇ ਇਨ੍ਹਾਂ ’ਚ ਬਰਬਾਦ ਹੋਈਆਂ ਖੁਰਾਕਾਂ ਵੀ ਸ਼ਾਮਲ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਹਥਿਆਰਬੰਦ ਦਸਤਿਆਂ ਨੂੰ ਮੁਹੱਈਆ ਕੀਤੇ ਟੀਕੇ ਸ਼ਾਮਲ ਨਹੀਂ ਕੀਤੇ ਹਨ। ਮੰਤਰਾਲੇ ਨੇ ਕਿਹਾ, ‘ਇਸ ਤੋਂ ਇਲਾਵਾ ਅਗਲੇ ਤਿੰਨ ਦਿਨਾਂ ਅੰਦਰ ਸੂਬਿਆਂ, ਯੂਟੀਜ਼ ਨੂੰ 53 ਲੱਖ ਤੋਂ ਵੱਧ (53,25,000) ਖੁਰਾਕਾਂ ਹੋਰ ਦਿੱਤੀਆਂ ਜਾਣਗੀਆਂ।’
ਮੰਤਰਾਲੇ ਨੇ ਦੱਸਿਆ ਕਿ ਦਿੱਲੀ ਨੂੰ 40.22 ਲੱਖ ਖੁਰਾਕਾਂ ਮਿਲੀਆਂ ਹਨ, ਜਿਨ੍ਹਾਂ ’ਚੋਂ 36.09 ਲੱਖ ਖੁਰਾਕਾਂ ਦੀ ਖਪਤ ਕੀਤੀ ਗਈ ਹੈ। ਕੌਮੀ ਰਾਜਧਾਨੀ ਕੋਲ ਹੁਣ ਵੀ 4.12 ਲੱਖ ਖੁਰਾਕਾਂ ਹਨ ਤੇ ਅਗਲੇ ਤਿੰਨ ਦਿਨਾਂ ਅੰਦਰ ਉਸ ਨੂੰ ਇੱਕ ਲੱਖ ਹੋਰ ਖੁਰਾਕ ਮਿਲ ਸਕਦੀ ਹੈ। -ਪੀਟੀਆਈ
ਵਿਦੇਸ਼ਾਂ ਤੋਂ ਮਦਦ ਆਉਣੀ ਜਾਰੀ
ਨਵੀਂ ਦਿੱਲੀ: ਭਾਰਤ ਨੂੰ ਸ਼ੁੱਕਰਵਾਰ ਅਮਰੀਕਾ ਨਾਲ ਬਣੀ ਰਣਨੀਤਕ ਭਾਈਵਾਲੀ ਫੋਰਮ, ਸਵਿਟਜ਼ਰਲੈਂਡ, ਪੋਲੈਂਡ, ਨੀਦਰਲੈਂਡਜ਼ ਤੇ ਇਜ਼ਰਾਈਲ ਤੋਂ 2060 ਆਕਸੀਜਨ ਕੰਸਨਟਰੇਟਰ, ਰੈਮਡੇਸਿਵਿਰ ਦੀਆਂ 30 ਹਜ਼ਾਰ ਵਾਇਲ, 467 ਵੈਂਟੀਲੇਟਰ ਤੇ ਤਿੰਨ ਆਕਸੀਜਨ ਪੈਦਾ ਕਰਨ ਵਾਲੇ ਪਲਾਂਟ ਮਦਦ ਦੇ ਰੂਪ ਵਿਚ ਮਿਲੇ ਹਨ। ਸਿਹਤ ਮੰਤਰਾਲੇ ਮੁਤਾਬਕ ਭਾਰਤ ਨੂੰ 27 ਅਪਰੈਲ ਤੱਕ ਕਈ ਦੇਸ਼ਾਂ ਤੇ ਸੰਗਠਨਾਂ ਤੋਂ ਦਾਨ ਤੇ ਮਦਦ ਮਿਲੀ ਹੈ। ਕੇਂਦਰ ਸਰਕਾਰ ਨੇ ਆਲਮੀ ਭਾਈਚਾਰੇ ਤੋਂ ਮਿਲੀ ਸਹਾਇਤਾ ਲਈ ਧੰਨਵਾਦ ਕੀਤਾ ਹੈ। ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਦਦ ਦੀ ਪ੍ਰਭਾਵੀ ਵੰਡ ਲਈ ਢਾਂਚਾ ਕਾਇਮ ਕੀਤਾ ਗਿਆ ਹੈ। ਮੰਤਰਾਲੇ ਮੁਤਾਬਕ 100 ਕੰਸਨਟਰੇਟਰ ਦਿੱਲੀ ਤੋਂ ਅਸਾਮ ਭੇਜੇ ਗਏ ਹਨ। ਇਕ ਜਰਮਨ ਮੋਬਾਈਲ ਆਕਸੀਜਨ ਉਤਪਾਦਨ ਤੇ ਫਿਲਿੰਗ ਸਿਸਟਮ ਅੱਜ ਡੀਆਰਡੀਓ ਭੇਜਿਆ ਗਿਆ ਹੈ। -ਪੀਟੀਆਈ