ਨਵੀਂ ਦਿੱਲੀ, 10 ਮਈ
ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਕਰੋਨਾਵਾਇਰਸ ਵਿਰੋਧੀ ਵੈਕਸੀਨ ਦੇ ਇਕ ਕਰੋੜ ਤੋਂ ਵੱਧ ਡੋਜ਼ ਮੌਜੂਦ ਹਨ। ਇਸ ਤੋਂ ਇਲਾਵਾ ਅਗਲੇ ਤਿੰਨ ਦਿਨਾਂ ਵਿਚ ਸੂਬਿਆਂ ਤੇ ਯੂਟੀਜ਼ ਨੂੰ ਵੈਕਸੀਨ ਦੀਆਂ ਨੌਂ ਲੱਖ ਤੋਂ ਵੱਧ ਹੋਰ ਖੁਰਾਕਾਂ ਮਿਲ ਜਾਣਗੀਆਂ। ਇਹ ਜਾਣਕਾਰੀ ਅੱਜ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ।
ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਤੱਕ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੈਕਸੀਨ ਦੀਆਂ 17,93,57,860 ਖੁਰਾਕਾਂ ਮੁਹੱਈਆ ਕਰਵਾ ਚੁੱਕੀ ਹੈ। ਇਸ ਵਿਚੋਂ ਬਰਬਾਦੀ ਸਮੇਤ 16,89,27,797 ਖੁਰਾਕਾਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ ਅਤੇ ਵੈਕਸੀਨ ਦੀਆਂ 1,04,30,063 ਖੁਰਾਕਾਂ ਅਜੇ ਵੀ ਸੂਬਿਆਂ ਤੇ ਯੂਟੀਜ਼ ਕੋਲ ਮੌਜੂਦ ਹਨ। ਸਿਫ਼ਰ ਬਕਾਏ ਵਾਲੇ ਸੂਬੇ ਸਪਲਾਈ ਕੀਤੀ ਗਈ ਵੈਕਸੀਨ ਨਾਲੋਂ ਵਧੇਰੇ ਖ਼ਪਤ (ਬਰਬਾਦੀ ਸਮੇਤ) ਦਿਖਾ ਰਹੇ ਹਨ ਕਿਉਂਕਿ ਉਨ੍ਹਾਂ ਵੱਲੋਂ ਹਥਿਆਰਬੰਦ ਬਲਾਂ ਨੂੰ ਸਪਲਾਈ ਕੀਤੀਆਂ ਗਈਆਂ ਵੈਕਸੀਨ ਦੀਆਂ ਖੁਰਾਕਾਂ ਦਾ ਮਿਲਾਣ ਨਹੀਂ ਕੀਤਾ ਗਿਆ ਹੈ। ਮੰਤਰਾਲੇ ਨੇ ਕਿਹਾ, ‘‘ਅਗਲੇ ਤਿੰਨ ਦਿਨਾਂ ਵਿਚ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੈਕਸੀਨ ਦੀਆਂ 9,24,910 ਖੁਰਾਕਾਂ ਹੋਰ ਮਿਲ ਜਾਣਗੀਆਂ। ਟੀਕਾਕਾਰਨ ਮਹਾਮਾਰੀ ਦਾ ਫੈਲਾਅ ਰੋਕਣ ਅਤੇ ਇਸ ਦੇ ਇਲਾਜ ਸਬੰਧੀ ਭਾਰਤ ਸਰਕਾਰ ਦੀ ਪੰਜ ਨੁਕਾਤੀ (ਜਾਂਚ, ਸੰਪਰਕ ਲੱਭਣਾ, ਇਲਾਜ ਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਸਮੇਤ) ਰਣਨੀਤੀ ਦਾ ਅਟੁੱਟ ਹਿੱਸਾ ਹੈ। -ਪੀਟੀਆਈ