ਨਵੀਂ ਦਿੱਲੀ: ਮੁਲਕ ਦੇ ਕੁਝ ਹਿੱਸਿਆਂ ਵਿੱਚ ਕੋਵਿਡ- 19 ਕੇਸਾਂ ਦੀ ਗਿਣਤੀ ’ਚ ਅਚਾਨਕ ਵਧਣ ਦਰਮਿਆਨ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਰਟੀ-ਪੀਸੀਆਰ ਟੈਸਟਿੰਗ ਵਧਾਉਣ, ਟੈਸਟ-ਟਰੈਕ-ਟਰੀਟ ਪ੍ਰੋਟੋਕੋਲ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਸਾਰੇ ਤਰਜੀਹੀ ਸਮੂਹਾਂ ਦੇ ਟੀਕਾਕਰਨ ਲਈ ਵੈਕਸੀਨੇਸ਼ਨ ਤੇਜ਼ੀ ਨਾਲ ਕਰਨ ਲਈ ਆਖਿਆ ਹੈ। ਅਪਰੈਲ ਮਹੀਨੇ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਕੋਵਿਡ- 19 ਕੇਸਾਂ ਦੀ ਗਿਣਤੀ ’ਚ ਵਾਧੇ ਦੇ ਮੱਦੇਨਜ਼ਰ ਟੈਸਟਿੰਗ ਰਾਹੀਂ ਨਵੇਂ ਪਾਜ਼ੇਟਿਵ ਕੇਸਾਂ ਦੇ ਖੁਲਾਸੇ ਹੋਣ ’ਤੇ ਉਨ੍ਹਾਂ ਮਰੀਜ਼ਾਂ ਨੂੰ ਤੁਰੰਤ ਵੱਖਰਾ ਰੱਖਿਆ ਜਾਵੇ ਜਾਂ ਜਲਦੀ ਤੋਂ ਜਲਦੀ ਏਕਾਂਤਵਾਸ ਕਰ ਕੇ ਸਮੇਂ ਸਿਰ ਇਲਾਜ ਮੁਹੱਈਆ ਕਰਵਾਇਆ ਜਾਵੇ। ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ ਮੁਲਕ ਦੇ ਸਾਰੇ ਹਿੱਸਿਆਂ ’ਚ ਟੈਸਟ-ਟਰੈਕ-ਟਰੀਟ ਪ੍ਰੋਟੋਕੋਲ ਨੂੰ ਸਖ਼ਤੀ ਨਾਲ ਲਾਗੂ ਕਰਨ, ਹਰ ਵਿਅਕਤੀ ਰਾਹੀਂ ਕੋਵਿਡ- 19 ਨਾਲ ਸਬੰਧਤ ਉਚਿਤ ਵਿਵਹਾਰ ਯਕੀਨੀ ਬਣਾਉਣ ਤੇ ਸਾਰੇ ਸਮੂਹਾਂ ਦੇ ਟੀਕਾਕਰਨ ਲਈ ਵੈਕਸੀਨੇਸ਼ਨ ਮੁਹਿੰਮ ਨੂੰ ਤੇਜ਼ ਕਰਨ। ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਵਾਲੇ ਸਾਰੇ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਏਕਾਂਤਵਾਸ ਕੀਤਾ ਜਾਵੇ। ਅੱਜ ਭਾਰਤ ਵਿੱਚ ਕਰੋਨਾਵਾਇਰਸ ਦੇ 40,715 ਨਵੇਂ ਕੇਸ ਰਿਕਾਰਡ ਕੀਤੇ ਗਏ ਹਨ ਜਿਸ ਨਾਲ ਹੁਣ ਤੱਕ ਕੋਵਿਡ- 19 ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 1.16 ਕਰੋੜ ਹੋ ਗਈ ਅਤੇ ਇਸ ਵਾਇਰਸ ਨੇ ਹੁਣ ਤੱਕ 1,60,166 ਲੋਕਾਂ ਦੀ ਜਾਨ ਲੈ ਲਈ ਹੈ। ਗ੍ਰਹਿ ਮੰਤਰਾਲੇ ਮੁਤਾਬਕ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਮਾਈਕ੍ਰੋ ਪੱਧਰ ’ਤੇ ਕੰਨਟੇਨਮੈਂਟ ਜ਼ੋਨ ਬਣਾਏ ਜਾਣ। ਸਥਿਤੀ ਮੁਤਾਬਕ ਅਧਿਕਾਰੀ, ਜ਼ਿਲ੍ਹਾ ਜਾਂ ਉਪ-ਜ਼ਿਲ੍ਹਾ ਅਤੇ ਸ਼ਹਿਰ ਜਾਂ ਵਾਰਡ ਪੱਧਰ ’ਤੇ ਸਥਾਨਕ ਪਾਬੰਦੀਆਂ ਲਾ ਸਕਦੇ ਹਨ।
-ਪੀਟੀਆਈ