ਨਵੀਂ ਦਿੱਲੀ, 20 ਜੁਲਾਈ
ਦੇਸ਼ ’ਚ ਕਰੋਨਾਵਾਇਰਸ ਦੇ ਦੇਸੀ ਟੀਕੇ ਕੋਵੈਕਸਿਨ ਲਈ ਕਲੀਨਿਕਲ ਪ੍ਰੀਖਣਾਂ ਦੀ ਸ਼ੁਰੂਆਤ ਹੋ ਗਈ ਹੈ। ਇਥੋਂ ਦੇ ਏਮਜ਼ ਹਸਪਤਾਲ ਨੇ ਪ੍ਰੀਖਣਾਂ ਲਈ ਵਾਲੰਟੀਅਰਾਂ ਨੂੰ ਭਰਤੀ ਕਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ। ਕੋਵੈਕਸਿਨ ਦੇ ਕਲੀਨਿਕਲ ਟ੍ਰਾਇਲਾਂ ਲਈ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਵੱਲੋਂ ਏਮਜ਼ ਸਮੇਤ 12 ਸੰਸਥਾਨਾਂ ਦੀ ਚੋਣ ਕੀਤੀ ਗਈ ਹੈ। ਏਮਜ਼ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਨੇ ਕਿਹਾ ਕਿ ਕਰੋਨਾ ਦੇ ਸਮਾਜੀ ਫੈਲਾਅ ਦਾ ਕੋਈ ਪੁਖ਼ਤਾ ਸਬੂਤ ਨਹੀਂ ਮਿਲਿਆ ਹੈ। ਪਹਿਲੇ ਪੜਾਅ ਤਹਿਤ ਟੀਕੇ ਦਾ ਪ੍ਰੀਖਣ 375 ਵਾਲੰਟੀਅਰਾਂ ’ਤੇ ਕੀਤਾ ਜਾਵੇਗਾ ਜਿਨ੍ਹਾਂ ’ਚੋਂ 100 ਏਮਜ਼ ਤੋਂ ਹੋਣਗੇ। ਸ੍ਰੀ ਗੁਲੇਰੀਆ ਨੇ ਕਿਹਾ ਕਿ ਕਰੀਬ 1800 ਵਿਅਕਤੀਆਂ ਨੇ ਪ੍ਰੀਖਣਾਂ ਲਈ ਏਮਜ਼ ’ਚ ਆਪਣੇ ਨਾਮ ਦਰਜ ਕਰਵਾਏ ਹਨ। ਉਧਰ, ਭੁਬਨੇਸ਼ਵਰ ਆਧਾਰਿਤ ਇੰਸਟੀਚਿਊਟ ’ਚ ਟੀਕੇ ਦੇ ਪ੍ਰੀਖਣ ਬੁੱਧਵਾਰ ਤੋਂ ਸ਼ੁਰੂ ਹੋਣਗੇ। ਇਸ ਦੌਰਾਨ ਹੈਦਰਾਬਾਦ ਦੇ ਨਿਜ਼ਾਮ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ’ਚ ਸੋਮਵਾਰ ਤੋਂ ਪ੍ਰੀਖਣ ਸ਼ੁਰੂ ਹੋ ਗਿਆ। ਦੋ ਵਾਲੰਟੀਅਰਾਂ ਨੂੰ ਅੱਜ ਸਵੇਰੇ ਪਹਿਲੀ ਡੋਜ਼ ਦਿੱਤੀ ਗਈ ਜਿਸ ਮਗਰੋਂ ਦੋਵੇਂ ਸਥਿਰ ਹਨ ਅਤੇ ਉਨ੍ਹਾਂ ’ਚ ਕੋਈ ਮਾੜੇ ਪ੍ਰਭਾਵ ਦੇਖਣ ਨੂੰ ਨਹੀਂ ਮਿਲੇ ਹਨ। ਵਾਲੰਟੀਅਰ ਮੰਗਲਵਾਰ ਤੱਕ ਡਾਕਟਰਾਂ ਦੀ ਟੀਮ ਦੀ ਦੇਖ-ਰੇਖ ਹੇਠ ਰਹਿਣਗੇ। ਉਨ੍ਹਾਂ ਨੂੰ ਘਰ ਭੇਜਣ ਮਗਰੋਂ ਵੀ 14 ਦਿਨਾਂ ਤੱਕ ਨਿਗਰਾਨੀ ਕੀਤੀ ਜਾਵੇਗੀ।
-ਏਜੰਸੀਆਂ