ਨਿਊ ਯਾਰਕ, 17 ਸਤੰਬਰ
ਸਟਾਰ ਸ਼ੈੱਫ ਵਿਕਾਸ ਖੰਨਾ ਨੂੰ ਕੋਵਿਡ-19 ਦੌਰਾਨ ਭਾਰਤ ਦੇ ਲੱਖਾਂ ਲੋਕਾਂ ਨੂੰ ਭੋਜਨ ਮੁਹੱਈਆ ਕਰਾਉਣ ਲਈ 2020 ਦੇ ਵੱਕਾਰੀ ‘ਏਸ਼ੀਆ ਗੇਮ ਚੇਂਜਰ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਸਾਰੀ ਮੁਹਿੰਮ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਮੈਨਹੱਟਨ ਵਿੱਚ ਆਪਣੇ ਘਰ ਤੋਂ ਚਲਾਈ। ਸਾਲ 2014 ਵਿੱਚ ਅਮਰੀਕਾ ਦੇ ਗੈਰ-ਮੁਨਾਫਾ ਸੰਗਠਨ ਏਸ਼ੀਆ ਸੁਸਾਇਟੀ ਨੇ ‘ਏਸ਼ੀਆ ਗੇਮ ਚੇਂਜਰ ਐਵਾਰਡ’ ਦੀ ਸ਼ੁਰੂਆਤ ਕੀਤੀ। ਇਸ ਤਹਿਤ ਏਸ਼ੀਆ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਵਾਲਿਆਂ ਦਾ ਸਨਮਾਨ ਕੀਤਾ ਜਾਂਦਾ ਹੈ। ਖੰਨਾ ਛੇ ਲੋਕਾਂ ਵਿਚ ਇਕਲੌਤਾ ਭਾਰਤੀ ਹੈ, ਜਿਨ੍ਹਾਂ ਦੇ ਨਾਵਾਂ ਦਾ ਐਲਾਨ ਸੰਸਥਾ ਵੱਲੋਂ ਕੀਤਾ ਗਿਆ।