ਮੁੰਬਈ, 26 ਨਵੰਬਰ
ਕਬਾਇਲੀ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਕਾਰਕੁਨ ਸਟੈਨ ਸਵਾਮੀ ਨੇ ਆਪਣੇ ਪਾਰਕਿਨਸਨ ਰੋਗ ਤੇ ਸਿਹਤ ਨਾਲ ਜੁੜੇ ਹੋਰਨਾਂ ਵਿਗਾੜਾਂ ਦੇ ਹਵਾਲੇ ਨਾਲ ਅੱਜ ਵਿਸ਼ੇਸ਼ ਐੱਨਆਈਏ ਕੋਰਟ ਵਿੱਚ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਹੈ। ਸਵਾਮੀ ਨੂੰ ਐਲਗਰ ਪ੍ਰੀਸ਼ਦ-ਮਾਓਵਾਦੀਆਂ ਨਾਲ ਕਥਿਤ ਸਬੰਧਾਂ ਨਾਲ ਜੁੜੇ ਕੇਸ ਵਿੱਚ 8 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਉਹ ਇਥੋਂ ਨੇੜੇ ਤਾਲੋਜਾ ਜੇਲ੍ਹ ਵਿੱਚ ਬੰਦ ਹਨ। ਇਸ ਦੌਰਾਨ ਸਥਾਨਕ ਕੋਰਟ ਨੇ ‘ਸਟਰਾਅ ਐਂਡ ਸਿੱਪਰ’ ਮੁਹੱਈਆ ਕਰਵਾਏ ਜਾਣ ਦੀ ਸਵਾਮੀ ਦੀ ਮੰਗ ’ਤੇ ਐੱਨਆਈਏ ਤੋਂ ਜਵਾਬ ਮੰਗਿਆ ਹੈ। ਕਾਬਿਲੇਗੌਰ ਹੈ ਕਿ ਪਾਰਕਿਨਸਨ ਰੋਗ ਕਰਕੇ ਸਵਾਮੀ ਦੇ ਹੱਥ ਕੰਬਦੇ ਹੋਣ ਕਰਕੇ ਉਨ੍ਹਾਂ ਨੂੰ ਕੁਝ ਵੀ ਖਾਣ ਤੇ ਪੀਣ ਵਿੱਚ ਮੁਸ਼ਕਲ ਆਉਂਦੀ ਹੈ, ਜਿਸ ਕਰਕੇ ਉਨ੍ਹਾਂ ਜੇਲ੍ਹ ਪ੍ਰਸ਼ਾਸਨ ਤੋਂ 20 ਦਿਨ ਪਹਿਲਾਂ ‘ਸਟਰਾਅ ਤੇ ਸਿੱਪਰ’ ਮੰਗਿਆ ਸੀ। ਸਵਾਮੀ ਦੇ ਵਕੀਲ ਨੇ ਆਪਣੇ ਮੁਵੱਕਿਲ ਲਈ ਸਰਦੀਆਂ ਦੇ ਕੱਪੜੇ ਵੀ ਮੰਗੇ ਹਨ। -ਪੀਟੀਆਈ