ਸਫ਼ਰ ਦੀ ਕੋਈ ਮੰਜ਼ਿਲ ਵੀ ਹੋਵੇ ਜ਼ਰੂਰੀ ਤਾਂ ਨਹੀਂ
ਦੂਰ-ਦੂਰ ਤੱਕ ਰਸਤਾ ਸਾਫ-ਸਮਤਲ ਹੋਵੇ
ਕਿਹਾ ਨਹੀਂ ਜਾ ਸਕਦਾ
ਰਸਤਿਆਂ ਦੀ ਔਖ ਨੂੰ ਸੋਚਣ ਵਾਲੇ ਪੈਰ
ਲੰਬਾ ਕਿੱਥੇ ਤੁਰਿਆ ਕਰਦੇ ਨੇ
ਇਹ ਉਹ ਜਾਣਦਾ ਸੀ
ਸਫ਼ਰ ਲੰਬਾ ਵੀ ਹੈ
ਬਿਖਮ ਵੀ
ਮੰਜ਼ਿਲ ਕੋਈ ਕਾਲ-ਕੋਠੜੀ ਤਾਂ ਨਹੀਂ
ਪਰ ਪੜਾਅ ਜ਼ਰੂਰ ਐ
ਇਹ ਉਸਨੂੰ ਪਤਾ ਸੀ
ਇਸੇ ਲਈ
ਪੈਰਾਂ ਨੂੰ ਤੁਰਨ ਦਾ ਸਬਕ ਦਿੱਤਾ
ਹੱਥਾਂ ਨੂੰ ਹਥਿਆਰ ਹੋ ਜਾਣ ਦੀ ਜਾਚ ਸਿਖਾਈ
ਦੱਸਿਆ ਬੋਲਾਂ ਨੂੰ
ਮਘਦੇ ਕੋਲਿਆਂ ਤੇ ਵਗਣ ਦਾ ਹੁਨਰ
ਆਪਣੀ ਪਾਠਸ਼ਾਲਾ ਦਾ ਆਪੇ ਵਿਦਿਆਰਥੀ
ਆਪ ਹੀ ਅਧਿਆਪਕ ਹੋਣਾ ਪੈਂਦੈ
ਸੱਤਾ ਦੀਆਂ ਅੱਖਾਂ ’ਚ
ਕਣ ਵਾਂਗ ਰੜਕਣ ਦਾ ਚਾਅ
ਕੁਵੇਲਿਆਂ ਨੂੰ ਵੇਲਿਆਂ ਚ ਬਦਲਣ ਦਾ ਸ਼ੁਦਾਅ
ਵਿਰਲਿਆਂ ਨੂੰ ਈ ਹੁੰਦੈ
ਜੇਲ਼ਾਂ ਡੱਕ ਸਕਦੀਆਂ ਹੋਣ
ਤਾਂ ਡੱਕ ਲੈਣ ਅਜਿਹਾ ਜਨੂੰਨ
ਹੱਥਕੜੀਆਂ ਰੋਕ ਸਕਦੀਆਂ ਹੋਣ
ਤਾਂ ਰੋਕ ਲੈਣ ਕਿਤਾਬ ਦੇ ਵਰਕਿਆਂ ਨੂੰ
ਬੇੜੀਆਂ ਲੱਖ ਰੋਕਣ
ਪੈਰਾਂ ਨੇ ਤੁਰਨਾ ਹੀ ਹੈ
ਪੈਰ ਤੁਰਦੇ ਹੀ ਰਹਿਣਗੇ
ਗੂੜੇ ਹਨੇਰਿਆਂ ਨੂੰ ਸਵੇਰਿਆਂ ’ਚ ਬਦਲਣ ਲਈ
– ਤਰਸੇਮ