ਚੇਨਈ, 7 ਮਈ
ਵਿਧਾਨ ਸਭਾ ਚੋਣਾਂ ਵਿਚ ਆਪਣੀ ਪਾਰਟੀ ਨੂੰ ਵੱਡੀ ਜਿੱਤ ਦਿਵਾਉਣ ਵਾਲੇ ਡੀਐੱਮਕੇ ਦੇ ਪ੍ਰਧਾਨ ਐੱਮਕੇ ਸਟਾਲਿਨ ਨੇ ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 68 ਸਾਲਾ ਸਟਾਲਿਨ ਨੂੰ ਅਹੁਦੇ ਸਹੁੰ ਚੁਕਾਈ। ਰਾਜ ਭਵਨ ਵਿਖੇ ਸਧਾਰਨ ਸਮਾਰੋਹ ਵਿਚ ਸਹੁੰ ਚੁੱਕਣ ਵਾਲੇ ਸਟਾਲਿਨ ਦਾ ਮੁੱਖ ਮੰਤਰੀ ਵਜੋਂ ਇਹ ਪਹਿਲਾ ਕਾਰਜਕਾਲ ਹੋਵੇਗਾ। ਕੁਲ 33 ਮੰਤਰੀਆਂ ਨੇ ਸਟਾਲਿਨ ਦੇ ਮਗਰੋਂ ਸਹੁੰ ਚੁੱਕੀ, ਜਿਨ੍ਹਾਂ ਵਿਚੋਂ 15 ਪਹਿਲੀ ਵਾਰ ਮੰਤਰੀ ਹਨ।ਰਾਜ ਦਾ ਮੁੱਖ ਮੰਤਰੀ ਬਣਦਿਆਂ ਹੀ ਸਟਾਲਿਨ ਨੇ ਰਾਜ ਦੇ ਲੋਕਾਂ ਲਈ 2,000 ਰੁਪਏ ਕੋਵਿਡ-19 ਮਹਾਮਾਰੀ ਰਾਸ਼ੀ, ਸਰਕਾਰੀ ਦੁੱਧ ਦੀ ਕੀਮਤ ਵਿੱਚ ਕਟੌਤੀ ਤੇ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਸਫ਼ਰ ਮੁਫ਼ਤ ਕਰਨ ਦਾ ਐਲਾਨ ਕਰ ਦਿੱਤਾ।
ਪੁੱਡੂਚੇਰੀ: ਰੰਗਾਸਾਮੀ ਨੇ ਰਾਜ ਦੇ ਮੁੱਖ ਮੰਤਰੀ ਵਜੋਂ ਚੌਥੀ ਵਾਰ ਸਹੁੰ ਚੁੱਕੀ
ਪੁੱਡੂਚੇਰੀ: ਏਆਈਐੱਨਆਰਸੀ ਨੇਤਾ ਐੱਨ. ਰੰਗਾਸਾਮੀ ਨੇ ਅੱਜ ਇਥੇ ਰਾਜ ਭਵਨ ਵਿੱਚ ਸਧਾਰਨ ਸਮਾਗਮ ਵਿੱਚ ਪੁੱਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਪ ਰਾਜਪਾਲ ਟੀ. ਸੌਦਰਾਰਾਜਨ ਨੇ ਸ੍ਰੀ ਰੰਗਾਸਾਮੀ ਨੂੰ ਸਹੁੰ ਚੁਕਾਈ। ਉਹ ਰਾਜ ਦੇ ਚੌਥੀ ਵਾਰ ਮੁੱਖ ਮੰਤਰੀ ਬਣੇ ਹਨ।