ਚੇਨੱਈ, 11 ਮਈ
ਤਾਮਿਲ ਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ, ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀਆਂ ਤੇ ਵਿਰੋਧੀ ਧਿਰ ਦੇ ਨੇਤਾ ਏਆਈਏਡੀਐੱਮਕੇ ਦੇ ਸੀਨੀਅਰ ਆਗੂ ਕੇ ਪਲਾਨੀਸਵਾਮੀ ਨੇ ਅੱਜ ਵਿਧਾਨ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਰਜਕਾਰੀ ਪ੍ਰਧਾਨ ਪਿਚਾਂਦੀ ਨੇ ਸਭ ਤੋਂ ਪਹਿਲਾਂ ਸਟਾਲਿਨ ਨੂੰ ਅਹੁਦੇ ਦੀ ਸਹੁੰ ਚੁਕਵਾਈ। ਉਨ੍ਹਾਂ ਤੋਂ ਬਾਅਦ ਹੋਰਨਾਂ ਮੰਤਰੀਆਂ ਨੂੰ ਸਹੁੰ ਚੁਕਵਾਈ ਗਈ। ਇਨ੍ਹਾਂ ’ਚੋਂ ਸਭ ਤੋਂ ਪਹਿਲਾਂ ਸੀਨੀਅਰ ਵਿਧਾਇਕ ਤੇ ਜਲ ਸਰੋਤ ਮੰਤਰੀ ਦੁਰਈਮੁਰੂਗਨ ਨੇ ਸਹੁੰ ਚੁੱਕੀ। ਪੱਛੜਾ ਵਰਗ ਕਲਿਆਣ ਮੰਤਰੀ ਐੱਸਐੱਸ ਸ਼ਿਵਸ਼ੰਕਰ ਅਤੇ ਸੈਰ ਸਪਾਟਾ ਮੰਤਰੀ ਐੱਮ ਮਥੀਵੈਂਥਨ ਕੋਵਿਡ-19 ਦਾ ਇਲਾਜ ਕਰਵਾ ਰਹੇ ਹਨ ਜਿਸ ਕਾਰਨ ਉਹ ਅੱਜ ਸਹੁੰ ਨਹੀਂ ਚੁੱਕ ਸਕੇ। ਮੰਤਰੀਆਂ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਕੇ ਪਲਾਨੀਸਵਾਮੀ ਨੇ ਸਹੁੰ ਚੁੱਕੀ। ਅੱਜ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਹੋਏ ਸਮਾਗਮ ਦੌਰਾਨ 224 ਵਿਧਾਇਕਾਂ ਨੇ ਸਹੁੰ ਚੁੱਕੀ ਹੈ। ਜਿਹੜੇ ਵਿਧਾਇਕ ਅੱਜ ਸਹੁੰ ਨਹੀਂ ਚੁੱਕ ਸਕੇ ਉਨ੍ਹਾਂ ਵੱਲੋਂ ਆਉਂਦੇ ਦਿਨਾਂ ਅੰਦਰ ਸਪੀਕਰ ਦੇ ਚੈਂਬਰ ’ਚ ਸਹੁੰ ਚੁੱਕੇ ਜਾਣ ਦੀ ਸੰਭਾਵਨਾ ਹੈ। -ਪੀਟੀਆਈ