ਨੋਇਡਾ, 20 ਅਕਤੂਬਰ
ਨੋਇਡਾ ਦੀ ਇੱਕ ਸੁਸਾਇਟੀ ’ਚ ਮਹਿਲਾ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਜੇਲ੍ਹ ’ਚ ਬੰਦ ਸਿਆਸੀ ਆਗੂ ਸ੍ਰੀਕਾਂਤ ਤਿਆਗੀ ਅੱਜ ਰਿਹਾਅ ਹੋ ਗਿਆ ਹੈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ 9 ਅਗਸਤ ਤੋਂ ਗਰੇਟਰ ਨੋਇਡਾ ਦੀ ਲਕਸ਼ਰ ਜੇਲ੍ਹ ’ਚ ਬੰਦ ਸ੍ਰੀਕਾਂਤ ਨੂੰ ਕੁਝ ਹੀ ਦਿਨ ਪਹਿਲਾਂ ਅਲਾਹਾਬਾਦ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ ਜਿਸ ਮਗਰੋਂ ਉਸ ਨੂੰ ਰਿਹਾਅ ਕੀਤਾ ਗਿਆ ਹੈ। ਜੇਲ੍ਹ ਇੰਚਾਰਜ ਅਰੁਣ ਪ੍ਰਤਾਪ ਸਿੰਘ ਨੇ ਦੱਸਿਆ, ‘ਉਸ ਨੂੰ ਅੱਜ ਸ਼ਾਮ ਕਾਨੂੰਨੀ ਰਸਮੀ ਕਾਰਵਾਈ ਪੂਰੀ ਹੋਣ ਮਗਰੋਂ ਰਿਹਾਅ ਕੀਤਾ ਗਿਆ ਹੈ।’ 34 ਸਾਲਾ ਤਿਆਗੀ ਸ਼ਾਮ ਨੂੰ ਤਕਰੀਬਨ ਸਾਢੇ ਛੇ ਵਜੇ ਜੇਲ੍ਹ ਤੋਂ ਨਿਕਲਿਆ ਤੇ ਨੋਇਡਾ ਦੇ ਸੈਕਟਰ 93 ਬੀ ਸਥਿਤ ਗਰੈਂਡ ਓਮੈਕਸ ਸੁਸਾਇਟੀ ’ਚ ਆਪਣੇ ਘਰ ਪੁੱਜਿਆ। ਉਸ ਦੇ ਪਰਿਵਾਰ ਨੇ ਮੁਸ਼ਕਿਲ ਸਮੇਂ ’ਚ ਸਾਥ ਦੇਣ ਲਈ ਤਿਆਗੀ ਭਾਈਚਾਰੇ ਦਾ ਧੰਨਵਾਦ ਕੀਤਾ। ਭਾਈਚਾਰੇ ਦੇ ਮੈਂਬਰਾਂ ਨੇ ਤਿਆਗੀ ਦੀ ਹਮਾਇਤ ’ਚ ਪੰਚਾਇਤ ਕੀਤੀ ਸੀ ਅਤੇ ਅਗਸਤ ’ਚ ਉਸ ਦੀ ਗ੍ਰਿਫ਼ਤਾਰੀ ਮਗਰੋਂ ਸੁਸਾਇਟੀ ਦੇ ਬਾਹਰ ਰੋਸ ਮੁਜ਼ਾਹਰਾ ਕਰਕੇ ਉਸ ਦੀ ਰਿਹਾਈ ਦੀ ਮੰਗ ਕੀਤੀ ਸੀ। ਉਨ੍ਹਾਂ ਦੀ ਪਤਨੀ ਅਨੂ ਤਿਆਗੀ ਨੇ ਕਿਹਾ, ‘ਅਸੀਂ ਬਹੁਤ ਖੁਸ਼ ਹਾਂ ਅਤੇ ਉਨ੍ਹਾਂ ਦੇ ਸਵਾਗਤ ਲਈ ਘਰ ’ਚ ਮਠਿਆਈ ਮੰਗਵਾਈ ਹੈ। ਅਸੀਂ ਪੂਰੇ ਉਤਸ਼ਾਹ ਨਾਲ ਦੀਵਾਲੀ ਮਨਾਵਾਂਗੇ।’ ਤਿਆਗੀ ਨੋਇਡਾ ਦੇ ਸੈਕਟਰ 93 ਬੀ ਸਥਿਤ ਗਰੈਂਡ ਓਮੈਕਸ ਸੁਸਾਇਟੀ ’ਚ ਇੱਕ ਮਹਿਲਾ ਨਾਲ ਹੱਥੋਪਾਈ ਕਰ ਰਿਹਾ ਸੀ। -ਪੀਟੀਆਈ