ਨਵੀਂ ਦਿੱਲੀ, 19 ਜੁਲਾਈ
ਕੇਂਦਰ ਸਰਕਾਰ ਨੇ ਸ੍ਰੀਲੰਕਾ ਸੰਕਟ ਬਾਰੇ ਅੱਜ ਸਾਰੀਆਂ ਪਾਰਟੀਆਂ ਦੀ ਮੀਟਿੰਗ ਸੱਦੀ। ਇਸ ਮੌਕੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੁੱਢਲੀ ਟਿੱਪਣੀ ਕਰਦਿਆਂ ਕਿਹਾ ਕਿ ਸ੍ਰੀਲੰਕਾ ਕਾਫ਼ੀ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਜਿਸ ਤੋਂ ਭਾਰਤ ਸੁਭਾਵਿਕ ਤੌਰ ’ਤੇ ਚਿੰਤਤ ਹੈ। ਉਨ੍ਹਾਂ ਭਾਰਤ ਵਿੱਚ ਅਜਿਹੀ ਸਥਿਤੀ ਪੈਦਾ ਹੋਣ ਦੇ ਖ਼ਦਸ਼ਿਆਂ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ, ‘ਜਿਸ ਕਾਰਨ ਅਸੀਂ ਤੁਹਾਨੂੰ ਸਾਰਿਆਂ ਨੂੰ ਸਰਬ ਪਾਰਟੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਬੇਨਤੀ ਕੀਤੀ ਹੈ, ਉਹ ਇਹ ਹੈ ਕਿ ਇਹ ਇੱਕ ਬਹੁਤ ਗੰਭੀਰ ਸੰਕਟ ਹੈ ਤੇ ਸ੍ਰੀਲੰਕਾ ਵਿੱਚ ਜੋ ਅਸੀਂ ਦੇਖ ਰਹੇ ਹਾਂ, ਉਹ ਕਈ ਅਰਥਾਂ ਵਿੱਚ ਵੱਖਰੀ ਸਥਿਤੀ ਹੈ।’ ਪੀਟੀਆਈ