ਨਵੀਂ ਦਿੱਲੀ: ਕੌਮੀ ਰਾਜਧਾਨੀ ਤੋਂ ਨਾਸਿਕ ਜਾ ਰਹੇ ਸਪਾਈਸਜੈੱਟ ਦੇ ਜਹਾਜ਼ ਨੂੰ ਆਟੋ ਪਾਇਲਟ ’ਚ ਨੁਕਸ ਕਾਰਨ ਰਾਹ ’ਚੋਂ ਹੀ ਮੁੜਨਾ ਪੈ ਗਿਆ। ਜਹਾਜ਼ ’ਚ 89 ਵਿਅਕਤੀ ਸਵਾਰ ਸਨ। ਸ਼ਹਿਰੀ ਹਵਾਬਾਜ਼ੀ ਮਾਮਲਿਆਂ ਦੇ ਡਾਇਰੈਕਟਰ ਜਨਰਲ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ। ਬੋਇੰਗ 737 ਨੂੰ ਸੁਰੱਖਿਅਤ ਉਤਾਰ ਲਿਆ ਗਿਆ ਅਤੇ ਬਾਅਦ ’ਚ ਮੁਸਾਫ਼ਰਾਂ ਨੂੰ ਦੂਜੇ ਜਹਾਜ਼ ਰਾਹੀਂ ਨਾਸਿਕ ਰਵਾਨਾ ਕੀਤਾ ਗਿਆ। ਸਪਾਈਸਜੈੱਟ ਨੇ ਕਿਹਾ ਕਿ ਦਿੱਲੀ-ਨਾਸਿਕ ਉਡਾਣ ਦੇ ਅਮਲੇ ਨੂੰ ਜਦੋਂ ਆਟੋ ਪਾਇਲਟ ਪ੍ਰਣਾਲੀ ’ਚ ਨੁਕਸ ਦਿਖਾਈ ਦਿੱਤਾ ਤਾਂ ਉਨ੍ਹਾਂ ਜਹਾਜ਼ ਦਿੱਲੀ ਵੱਲ ਮੋੜ ਲਿਆ। ਉਨ੍ਹਾਂ ਕਿਹਾ ਕਿ ਜਹਾਜ਼ ਦਿੱਲੀ ’ਚ ਆਸਾਨੀ ਨਾਲ ਉਤਰਿਆ ਅਤੇ ਮੁਸਾਫ਼ਰਾਂ ਨੂੰ ਵੀ ਕੋਈ ਦਿੱਕਤ ਨਹੀਂ ਆਈ। ਪਿਛਲੇ ਕੁਝ ਸਮੇਂ ਤੋਂ ਏਅਰਲਾਈਨ ਦੀਆਂ ਉਡਾਣਾਂ ’ਚ ਨੁਕਸ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਡੀਜੀਸੀਏ ਨੇ ਹੁਕਮ ਦਿੱਤੇ ਸਨ ਕਿ ਅੱਠ ਹਫ਼ਤਿਆਂ ਲਈ ਉਹ ਆਪਣੀਆਂ ਸਿਰਫ਼ 50 ਫ਼ੀਸਦੀ ਉਡਾਣਾਂ ਹੀ ਚਲਾ ਸਕੇਗਾ। -ਪੀਟੀਆਈ