ਨਵੀਂ ਦਿੱਲੀ/ਹੈਦਰਾਬਾਦ, 13 ਅਕਤੂਬਰ
ਗੋਆ ਤੋਂ ਹੈਦਰਾਬਾਦ ਜਾ ਰਹੇ ਸਪਾਈਸਜੈੱਟ ਜਹਾਜ਼ ਦੇ ਕੈਬਿਨ ਵਿੱਚ ਬੀਤੀ ਰਾਤ ਧੂੰਆਂ ਦਿਖਾਈ ਦੇਣ ਤੋਂ ਬਾਅਦ ਹੈਦਰਾਬਾਦ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਅਧਿਕਾਰੀਆਂ ਨੇ ਦੱਸਿਆ ਕਿ ਡੀਜੀਸੀਏ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਡੀਜੀਸੀਏ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੂੰ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰੇ ਜਾਣ ਤੋਂ ਬਾਅਦ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਇੱਕ ਯਾਤਰੀ ਦੀ ਲੱਤ ’ਤੇ ਮਾਮੂਲੀ ਸੱਟ ਲੱਗੀ ਹੈ। ਹੈਦਰਾਬਾਦ ਹਵਾਈ ਅੱਡੇ ਦੇ ਅਧਿਕਾਰੀ ਅਨੁਸਾਰ ਕਿਊ400 ਵੀਟੀ-ਐੱਸਕਿਊਬੀ ਉਡਾਣ ਵਿੱਚ ਲਗਪਗ 86 ਯਾਤਰੀ ਸਵਾਰ ਸਨ। ਇਸ ਐਮਰਜੈਂਸੀ ਲੈਂਡਿੰਗ ਕਾਰਨ ਨੌਂ ਉਡਾਣਾਂ ਦਾ ਰਾਹ ਬਦਲਣਾ ਪਿਆ। ਇਹ ਘਟਨਾ ਰਾਤ ਕਰੀਬ 11 ਵਜੇ ਵਾਪਰੀ। ਡੀਜੀਸੀਏ ਦੇ ਅਧਿਕਾਰੀ ਨੇ ਦੱਸਿਆ ਕਿ ਰੈਗੂਲੇਟਰ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ।
ਏਅਰਲਾਈਨ ਦੇ ਤਰਜਮਾਨ ਨੇ ਕਿਹਾ, ‘‘12 ਅਕਤੂਬਰ ਨੂੰ ਗੋਆ ਤੋਂ ਹੈਦਰਾਬਾਦ ਜਾ ਰਹੇ ਸਪਾਈਸਜੈੱਟ ਦੇ ਕਿਊ400 ਜਹਾਜ਼ ਨੂੰ ਮੰਜ਼ਿਲ ’ਤੇ ਸੁਰੱਖਿਅਤ ਉਤਾਰਿਆ ਗਿਆ। ਲੈਂਡਿੰਗ ਦੌਰਾਨ ਜਹਾਜ਼ ਦੇ ਕੈਬਿਨ ’ਚ ਧੂੰਆਂ ਦੇਖਿਆ ਗਿਆ। ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।’’ -ਪੀਟੀਆਈ