ਨਵੀਂ ਦਿੱਲੀ, 12 ਜੁਲਾਈ
ਬੋਇੰਗ ਬੀ 737 ਜਹਾਜ਼ ਦਾ ਅਗਲੇ ਪਹੀਏ ਦੇ ਸਹੀ ਢੰਗ ਨਾਲ ਕੰਮ ਨਾ ਕਰਨ ਕਾਰਨ ਲੰਘੇ ਦਿਨ ਸਪਾਈਸਜੈੱਟ ਦੀ ਦੁਬਈ-ਮਦੁਰਾਇ ਉਡਾਣ ਸਮੇਂ ਤੋਂ ਪਛੜ ਗਈ। ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਦੀ ਘਟਨਾ ਸਪਾਈਸਜੈੱਟ ’ਚ ਲੰਘੇ 24 ਦਿਨਾਂ ਅੰਦਰ ਜਹਾਜ਼ ’ਚ ਤਕਨੀਕੀ ਖਰਾਬੀ ਆਉਣ ਦੀ ਨੌਵੀਂ ਘਟਨਾ ਹੈ। ਡੀਜੀਸੀਏ ਨੇ ਛੇ ਜੁਲਾਈ ਨੂੰ ਨੋਟਿਸ ਜਾਰੀ ਕਰਕੇ 19 ਜੂਨ ਤੋਂ ਬਾਅਦ ਜਹਾਜ਼ਾਂ ’ਚ ਤਕਨੀਕੀ ਖਰਾਬੀ ਆਉਣ ਸਬੰਧੀ ਵਾਪਰੀਆਂ ਅੱਠ ਘਟਨਾਵਾਂ ਬਾਰੇ ਕੰਪਨੀ ਤੋਂ ਜਵਾਬ ਮੰਗਿਆ ਸੀ। ਡੀਜੀਸੀਏ ਨੇ ਕਿਹਾ ਕਿ ਸਸਤੀ ਸੇਵਾ ਮੁਹੱਈਆ ਕਰਨ ਵਾਲੀ ਕੰਪਨੀ ਸੁਰੱਖਿਅਤ ਤੇ ਭਰੋਸੇਯੋਗ ਹਵਾਈ ਸੇਵਾ ਮੁਹੱਈਆ ਕਰਨ ’ਚ ਨਾਕਾਮ ਰਹੀ ਹੈ। ਡੀਜੀਸੀਏ ਦੇ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨ ਬੋਇੰਗ ਬੀ 737 ਮੈਕਸ ਜਹਾਜ਼ ਜਿਸ ਦਾ ਰਜਿਸਟਰੇਸ਼ਨ ਨੰਬਰ ਵੀਟੀ-ਐੱਸਜ਼ੈੱਡਕੇ ਹੈ, ਤੋਂ ਮੰਗਲੂਰੂ-ਦੁਬਈ ਉਡਾਣ ਚਲਾਈ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਜਹਾਜ਼ ਦੇ ਉੱਤਰਨ ਮਗਰੋਂ ਇੰਜਨੀਅਰ ਨੇ ਨਿਰੀਖਣ ਕੀਤਾ ਤਾਂ ਪਤਾ ਲੱਗਾ ਕਿ ਅਗਲੇ ਪਹੀਏ ਆਮ ਨਾਲੋਂ ਵੱਧ ਦੱਬੇ ਹੋਏ ਸਨ। ਇਸ ਤੋਂ ਬਾਅਦ ਜਹਾਜ਼ ਨੂੰ ਉਡਾਣ ਭਰਨ ਦੀ ਇਜਾਜ਼ਤ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਤੇ ਕੰਪਨੀ ਨੇ ਦੂਜਾ ਜਹਾਜ਼ ਮੁੰਬਈ ਤੋਂ ਦੁਬਈ ਲਈ ਰਵਾਨਾ ਕੀਤਾ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਕਿਸੇ ਵੀ ਹਵਾਈ ਸੇਵਾ ਕੰਪਨੀ ਦੀਆਂ ਉਡਾਣਾਂ ’ਚ ਦੇਰੀ ਹੋ ਸਕਦੀ ਹੈ। -ਪੀਟੀਆਈ