ਪਟਨਾ: ਪਟਨਾ ਤੋਂ ਦਿੱਲੀ ਜਾ ਰਹੇ ਸਪਾਈਸਜੈੱਟ ਜਹਾਜ਼ ਦੇ ਮੁਸਾਫਰ ਅੱਜ ਉਸ ਸਮੇਂ ਵਾਲ-ਵਾਲ ਬਚ ਗਏ ਜਦੋਂ ਉਨ੍ਹਾਂ ਦੇ ਜਹਾਜ਼ ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਅੱਗ ਲੱਗ ਗਈ ਅਤੇ ਕਈ ਮਿੰਟ ਹਵਾ ’ਚ ਚੱਕਰ ਲਾਉਣ ਮਗਰੋਂ ਜਹਾਜ਼ ਹੰਗਾਮੀ ਹਾਲਤ ’ਚ ਇੱਥੋਂ ਦੇ ਹਵਾਈ ਅੱਡੇ ’ਤੇ ਉਤਾਰਿਆ ਗਿਆ। ਏਅਰਲਾਈਨ ਨੇ ਇੱਕ ਬਿਆਨ ’ਚ ਕਿਹਾ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਇੱਕ ਪੰਛੀ ਦੇ ਟਕਰਾਉਣ ਮਗਰੋਂ ਪਾਇਲਟ ਨੂੰ ਇੱਕ ਇੰਜਣ ਬੰਦ ਕਰਨ ਅਤੇ ਪਟਨਾ ਹਵਾਈ ਅੱਡੇ ’ਤੇ ਮੁੜਨ ਦਾ ਫ਼ੈਸਲਾ ਲੈਣਾ ਪਿਆ ਹੈ। ਇਹ ਜਹਾਜ਼ ਦੁਪਹਿਰ 12.10 ਵਜੇ ਦੇ ਕਰੀਬ ਉੱਡਿਆ ਸੀ। ਹਵਾਈ ਅੱਡੇ ਨੇੜਲੇ ਇਲਾਕੇ ਦੇ ਵਸਨੀਕਾਂ ਅਨੁਸਾਰ ਉਡਾਣ ਭਰਨ ਤੋਂ ਤੁਰੰਤ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਇਨ੍ਹਾਂ ਲੋਕਾਂ ਨੇ ਆਪਣੀਆਂ ਅੱਖਾਂ ਸਾਹਮਣੇ ਇਹ ਘਟਨਾ ਵਾਪਰਨ ਦਾ ਦਾਅਵਾ ਕੀਤਾ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਯਾਤਰੀ ਨੂੰ ਸੱਟ ਨਹੀਂ ਵੱਜੀ ਹੈ ਪਰ ਕੁਝ ਯਾਤਰੀਆਂ ਨੇ ਕਿਹਾ ਕਿ ਉਡਾਣ ਭਰਨ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਜਹਾਜ਼ ਅੰਦਰ ਬਹੁਤ ਤੇਜ਼ ਝਟਕਾ ਲੱਗਾ ਅਤੇ ਲਾਈਟ ਬੰਦ ਹੋਣ ਲੱਗੀ। ਇਸੇ ਵਿਚਾਲੇ ਹਵਾਈ ਪੱਟੀ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਪਰ ਹੰਗਾਮੀ ਹਾਲਾਤ ’ਚ ਜਹਾਜ਼ ਦੇ ਉੱਤਰਨ ਤੱਕ ਉਸ ’ਚ ਲੱਗੀ ਅੱਗ ਕਾਬੂ ਹੇਠ ਆ ਗਈ ਸੀ। ਸਪਾਈਸਜੈੱਟ ਨੇ ਇੱਕ ਬਿਆਨ ’ਚ ਕਿਹਾ, ‘19 ਜੂਨ ਨੂੰ ਸਪਾਈਸਜੈੱਟ ਬੀ 737-800 ਜਹਾਜ਼ ਐੱਸਜੀ (ਪਟਨਾ-ਦਿੱਲੀ) ਨੇ ਉਡਾਣ ਭਰੀ ਸੀ। ਉਡਾਣ ਭਰਨ ’ਤੇ ਚਾਲਕ ਟੀਮ ਨੂੰ ਸ਼ੱਕ ਹੋਇਆ ਕਿ ਕੋਈ ਪੰਛੀ ਇੰਜਣ ਨਾਲ ਟਕਰਾ ਗਿਆ ਹੈ। ਇਹਤਿਆਤ ਵਜੋਂ ਕੈਪਟਨ ਨੇ ਪ੍ਰਭਾਵਿਤ ਇੰਜਣ ਬੰਦ ਕਰ ਦਿੱਤਾ ਅਤੇ ਪਟਨਾ ਮੁੜਨ ਦਾ ਫ਼ੈਸਲਾ ਕੀਤਾ।’ ਉਨ੍ਹਾਂ ਕਿਹਾ ਕਿ ਜਹਾਜ਼ ਸੁਰੱਖਿਅਤ ਢੰਗ ਨਾਲ ਪਟਨਾ ਹਵਾਈ ਅੱਡੇ ’ਤੇ ਉੱਤਰਿਆ ਤੇ ਯਾਤਰੀਆਂ ਨੂੰ ਸੁਰੱਖਿਆ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਜਾਂਚ ਦੌਰਾਨ ਪਤਾ ਲੱਗਾ ਕਿ ਪੱਖੇ ਦੇ ਤਿੰਨ ਬਲੇਡ ਪੰਛੀ ਦੇ ਟਰਾਉਣ ਕਾਰਨ ਨੁਕਸਾਨੇ ਗਏ ਸਨ। ਏਅਰਲਾਈਨ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਜਹਾਜ਼ ’ਚ ਕਿੰਨੇ ਮੁਸਾਫ਼ਰ ਸਵਾਰ ਸਨ। -ਪੀਟੀਆਈ