ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੱਧ ਪ੍ਰਦੇਸ਼ ਦੇ ਨੈਸ਼ਨਲ ਪਾਰਕ ’ਚ ਚੀਤੇ ਛੱਡਣ ਦੇ ਪ੍ਰੋਗਰਾਮ ਨੂੰ ਤਮਾਸ਼ਾ ਕਰਾਰ ਦਿੰਦਿਆਂ ਕਿਹਾ ਹੈ ਕਿ ਕੌਮੀ ਮੁੱਦਿਆਂ ਅਤੇ ਭਾਰਤ ਜੋੜੋ ਯਾਤਰਾ ਤੋਂ ਧਿਆਨ ਵੰਡਾਉਣ ਲਈ ਇਹ ਹਥਕੰਡੇ ਅਪਣਾਏ ਜਾ ਰਹੇ ਹਨ। ਕਾਂਗਰਸ ਜਨਰਲ ਸਕੱਤਰ ਅਤੇ ਸੰਚਾਰ ਮਾਮਲਿਆਂ ਦੇ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਸਨ ਵਿੱਚ ਲਗਾਤਾਰਤਾ ਨੂੰ ਸ਼ਾਇਦ ਹੀ ਕਦੇ ਸਵੀਕਾਰ ਕਰਦੇ ਹਨ ਅਤੇ ਚੀਤਾ ਪ੍ਰਾਜੈਕਟ ਇਸ ਦੀ ਤਾਜ਼ਾ ਮਿਸਾਲ ਹੈ। ਕਾਂਗਰਸ ਆਗੂ ਨੇ ਟਵੀਟ ਕਰਕੇ ਕਿਹਾ ਕਿ ਚੀਤਾ ਪ੍ਰਾਜੈਕਟ ਦਾ ਉਪਰਾਲਾ ਉਨ੍ਹਾਂ 24 ਅਪਰੈਲ, 2010 ਨੂੰ ਆਪਣੇ ਕੇਪਟਾਊਨ ਦੌਰੇ ਸਮੇਂ ਕੀਤਾ ਸੀ। ਜੈਰਾਮ ਰਮੇਸ਼ ਉਸ ਸਮੇਂ ਵਾਤਾਵਰਨ ਅਤੇ ਜੰਗਲਾਤ ਮੰਤਰੀ ਸਨ। ਉਂਜ ਉਨ੍ਹਾਂ ਪ੍ਰਾਜੈਕਟ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। -ਪੀਟੀਆਈ