ਨਵੀਂ ਦਿੱਲੀ, 6 ਮਾਰਚ
ਮਹਾਰਾਸ਼ਟਰ ਅਤੇ ਪੰਜਾਬ ਵਿਚ ਕਰੋਨਾ ਮਾਮਲੇ ਤੇਜ਼ੀ ਨਾਲ ਵਾਧਾ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਇਨ੍ਹਾਂ ਰਾਜਾਂ ਵਿਚ ਉੱਚ ਪੱਧਰੀ ਸਿਹਤ ਟੀਮਾਂ ਭੇਜੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਹ ਟੀਮਾਂ ਕਰੋਨਾ ਵਾਇਰਸ ਦੀ ਨਿਗਰਾਨੀ ਤੇ ਕੰਟਰੋਲ ਸਣੇ ਹੋਰ ਕਈ ਉਪਾਅ ਕਰਨ ਲਈ ਰਾਜ ਦੇ ਸਿਹਤ ਵਿਭਾਗ ਦੀ ਸਹਾਇਤਾ ਲਈ ਭੇਜੀਆਂ ਜਾ ਰਹੀਆਂ ਹਨ। ਮਹਾਰਾਸ਼ਟਰ ਲਈ ਉੱਚ ਪੱਧਰੀ ਟੀਮ ਦੀ ਅਗਵਾਈ ਐੱਮਐਚਐੱਫਡਬਲਿਊ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਸੀਨੀਅਰ ਸੀਐੱਮਓ ਪੀ. ਰਵਿੰਦਰਨ ਕਰਨਗੇ। ਪੰਜਾਬ ਲਈ ਜਨ ਸਿਹਤ ਟੀਮ ਦੀ ਅਗਵਾਈ ਨਵੀਂ ਦਿੱਲੀ ਵਿਖੇ ਕੌਮੀ ਰੋਗ ਕੰਟਰੋਲ ਕੇਂਦਰ ਦੇ ਡਾਇਰੈਕਟਰ ਐੱਸਕੇ ਸਿੰਘ ਕਰਨਗੇ। ਮੰਤਰਾਲੇ ਨੇ ਕਿਹਾ ਕਿ ਇਹ ਪਾਰਟੀਆਂ ਅਜਿਹੇ ਖੇਤਰਾਂ ਵਿਚ ਜਾਣਗੀਆਂ ਜਿਥੇ ਵਾਇਰਸ ਮਾਮਲੇ ਬਹੁਤ ਜ਼ਿਆਦਾ ਹਨ ਅਤੇ ਲਾਗ ਦੇ ਵਧਣ ਦੇ ਕਾਰਨਾਂ ਦਾ ਪਤਾ ਲਗਾਉਣਗੇ।