ਗਾਂਧੀਨਗਰ, 24 ਨਵੰਬਰ
ਗੁਜਰਾਤ ਦੇ ਜ਼ਿਲ੍ਹਾ ਨਰਮਦਾ ਦੇ ਕੇਵਾਦੀਆ ਵਿੱਚ ‘ਸਟੈਚੂ ਆਫ ਯੂਨਿਟੀ’ ਨੇੜੇ ਬੁੱਧਵਾਰ ਤੋਂ ਦੋ ਰੋਜ਼ਾ 80ਵੀਂ ਆਲ ਇੰਡੀਆ ਪ੍ਰਜ਼ਾਈਡਿੰਗ ਆਫੀਸਰਜ਼ ਕਾਨਫੰਰਸ ਸ਼ੁਰੂ ਹੋਵੇਗੀ। ਇਸ ਕਾਨਫਰੰਸ ਵਿੱਚ ਲੋਕ ਸਭਾ, ਰਾਜ ਸਭਾ ਅਤੇ ਹੋਰ ਵਿਧਾਨਿਕ ਅਦਾਰਿਆਂ ਦੇ ਪ੍ਰਜ਼ਾਈਡਿੰਗ ਅਧਿਕਾਰੀਆਂ ਵਿਚਾਲੇ ਚਰਚਾ ਹੋਵੇਗੀ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਪੱਤਰਕਾਰਾਂ ਨੂੰ ਅੱਜ ਦੱਸਿਆ ਕਿ ਸਪੀਕਰਜ਼ ਕਾਨਫੰਰਸ ਨਾਂ ਦੇ ਇਸ ਸਮਾਗਮ ਦਾ ਉਦਘਾਟਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕਰਨਗੇ। ਬਿਰਲਾ ਇਸ ਕਾਨਫਰੰਸ ਦੇ ਚੇਅਰਪਰਸਨ ਵੀ ਹਨ। 1921 ਵਿੱਚ ਸ਼ਰੂ ਹੋਈ ਇਹ ਕਾਨਫਰੰਸ ਹੁਣ ਆਪਣੇ ਸ਼ਤਾਬਦੀ ਵਰ੍ਹੇ ਵਿੱਚ ਹੈ। ਇਸ ਕਾਨਫੰਰਸ ਦਾ ਵਿਸ਼ਾ, ‘‘ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚਾਲੇ ਸੰਤੁਲਿਤ ਸਹਿਯੋਗ— ਲੋਕਤੰਤਰ ਦੀ ਕੁੰਜੀ’’ ਹੈ। ਬਿਰਲਾ ਨੇ ਦੱਸਿਆ ਕਿ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਚੇਅਰਮੈਨ ਵੈਂਕਈਆ ਨਾਇਡੂ ਵੀ ਇਸ ਕਾਨਫੰਰਸ ਵਿੱਚ ਹਿੱਸਾ ਲੈਣਗੇ। ਵੀਰਵਾਰ ਨੂੰ ਸੰਵਿਧਾਨ ਦਿਵਸ ਮੌਕੇ ਕਾਨਫਰੰਸ ਦੇ ਆਖ਼ਰੀ ਸੈਸ਼ਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਨਗੇ। -ਪੀਟੀਆਈ