ਪ੍ਰਯਾਗਰਾਜ, 22 ਫਰਵਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਯੂਪੀ ਦੀਆਂ ਪਿਛਲੀਆਂ ‘ਸਪਾ’ ਤੇ ‘ਬਸਪਾ’ ਸਰਕਾਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਦੋਸ਼ ਲਾਇਆ ਕਿ ਉਨ੍ਹਾਂ ਸੂਬੇ ਨੂੰ ਅਤਿਵਾਦ ਤੇ ਦੰਗਿਆਂ ਦਾ ਧੁਰਾ ਬਣਾ ਦਿੱਤਾ ਸੀ। ਸ਼ਾਹ ਨੇ ਨਾਲ ਹੀ ਕਿਹਾ ਕਿ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਨੇ ਸੂਬੇ ਨੂੰ ਮਾਫ਼ੀਆ ਦਾ ਕੇਂਦਰ ਬਣਾਇਆ ਪਰ ਭਾਜਪਾ ਸਰਕਾਰ ਨੇ ਯੂਪੀ ਨੂੰ ਹੁਣ ਰੱਖਿਆ ਨਿਰਮਾਣ ਦਾ ਧੁਰਾ ਬਣਾ ਦਿੱਤਾ ਹੈ। ਇੱਥੇ ਪ੍ਰੀਤਮ ਨਗਰ ਦੇ ਦੁਰਗਾ ਪੂਜਾ ਪਾਰਕ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਯੋਗੀ ਆਦਿੱਤਿਆਨਾਥ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ ਯੋਗੀ ਸਰਕਾਰ ਨੇ ਸੂਬੇ ਵਿਚੋਂ ਗੁੰਡਾਗਰਦੀ ਖ਼ਤਮ ਕੀਤੀ ਹੈ ਤੇ ਜੇ ਸਪਾ ਦੀ ਸਰਕਾਰ ਮੁੜ ਸੱਤਾ ਵਿਚ ਆ ਗਈ ਤਾਂ ਆਜ਼ਮ ਖਾਨ, ਅਤੀਕ ਅਹਿਮਦ ਤੇ ਮੁਖਤਾਰ ਅੰਸਾਰੀ ਵਰਗੇ ਲੋਕ ਮੁੜ ਜੇਲ੍ਹ ਵਿਚੋਂ ਬਾਹਰ ਆ ਜਾਣਗੇ। ਉਨ੍ਹਾਂ ਕਿਹਾ ਵਰਤਮਾਨ ਸਮੇਂ ਯੂਪੀ ਵਿਚ ਮਿਜ਼ਾਈਲਾਂ ਦਾ ਨਿਰਮਾਣ ਹੋ ਰਿਹਾ ਤੇ ਇਹ ਸਭ ਭਾਜਪਾ ਸਰਕਾਰ ਆਉਣ ਤੋਂ ਬਾਅਦ ਹੀ ਸੰਭਵ ਹੋਇਆ ਹੈ।
ਸ਼ਾਹ ਅੱਜ ਇੱਥੇ ਯੂਪੀ ਦੇ ਮੰਤਰੀ ਸਿਧਾਰਥ ਨਾਥ ਸਿੰਘ ਲਈ ਚੋਣ ਪ੍ਰਚਾਰ ਕਰਨ ਪੁੱਜੇ ਸਨ। ਸ਼ਾਹ ਨੇ ਦਾਅਵਾ ਕੀਤਾ ਕਿ ਪਹਿਲਾਂ ਯੂਪੀ ਦੇ ਪਿੰਡਾਂ ਤੇ ਸ਼ਹਿਰਾਂ ਨੂੰ 24 ਘੰਟੇ ਬਿਜਲੀ ਸਪਲਾਈ ਨਹੀਂ ਮਿਲਦੀ ਸੀ ਪਰ ਯੋਗੀ ਸਰਕਾਰ ਨੇ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਹੈ। ਇਸ ਤੋਂ ਇਲਾਵਾ ਸੜਕਾਂ ਤੇ ਮੈਡੀਕਲ ਕਾਲਜਾਂ ਦਾ ਨਿਰਮਾਣ ਵੀ ਕੀਤਾ ਹੈ। -ਪੀਟੀਆਈ