ਲਖਨਊ, 8 ਅਗਸਤ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਸੂਬੇ ’ਚ ਸੱਤਾ ’ਤੇ ਕਾਬਜ ਭਾਜਪਾ ਸਰਕਾਰ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਮਗਰੋਂ ਸਮਾਜਵਾਦੀ ਪਾਰਟੀ ਅਤੇ ਇਸ ਦੀ ਸਹਿਯੋਗੀ ਪਾਰਟੀ ਮਹਾਨ ਦਲ ਦੀ ਸਾਂਝੀ ਸਰਕਾਰ ਬਣੇਗੀ। ਉਹ ਪਾਰਟੀ ਹੈੱਡਕੁਆਰਟਰ ਵਿੱਚ ਮਹਾਨ ਦਲ ਦੇ ਕਾਰਕੁਨਾਂ ਵੱਲੋਂ ਕਰਵਾਏ ਇੱਕ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ, ‘ਹੁਣ ਤੱਕ ਮੈਂ 350 ਸੀਟਾਂ ’ਤੇ ਜਿੱਤ ਹਾਸਲ ਕਰਨ ਦਾ ਦਾਅਵਾ ਕਰ ਰਿਹਾ ਸੀ, ਪਰ ਮਹਾਨ ਦਲ ਨਾਲ ਸਾਂਝ ਪੈਣ ਮਗਰੋਂ ਹੁਣ 400 ਸੀਟਾਂ ’ਤੇ ਸਾਡੀ ਜਿੱਤ ਪੱਕੀ ਹੋ ਗਈ ਹੈ। ਪਾਰਟੀ ਪ੍ਰਧਾਨ ਨੇ ਕਿਹਾ ਕਿ ਭਾਜਪਾ ਜਾਤ ਦੇ ਆਧਾਰ ’ਤੇ ਮਰਦਮਸ਼ੁਮਾਰੀ ਨਹੀਂ ਕਰਾਉਣਾ ਚਾਹੁੰਦੀ ਤੇ ਲੋਕਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਹੈ, ਪਰ ਜੇ ਸਾਡੀ ਸਰਕਾਰ ਬਣਦੀ ਹੈ ਤਾਂ ਇਹ ਮਰਦਮਸ਼ੁਮਾਰੀ ਕਰਵਾਈ ਜਾਵੇਗੀ। -ਭਾਸ਼ਾ
ਜੇ ਸਪਾ ਛੋਟੀਆਂ ਪਾਰਟੀਆਂ ਨਾਲ ਗੱਠਜੋੜ ਕਰਦੀ ਹੈ ਤਾਂ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੇਗੀ: ਰਾਜਭਰ
ਲਖਨਊ (ਪੀਟੀਆਈ): ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਐੱਸਬੀਐੱਸਪੀ) ਦੇ ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਜੇਕਰ ਸਮਾਜਵਾਦੀ ਪਾਰਟੀ ਛੋਟੀਆਂ ਪਾਰਟੀਆਂ ਨਾਲ ਗੱਠਜੋੜ ਕਰ ਲੈਂਦੀ ਹੈ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੂਰਬੀ ਯੂਪੀ ਵਿੱਚ ਭਾਜਪਾ ਨੂੰ ਇੱਕ ਵੀ ਸੀਟ ਹਾਸਲ ਨਹੀਂ ਹੋਵੇਗੀ। ਸ੍ਰੀ ਰਾਜਭਰ ਨੇ ਕਿਹਾ ਕਿ ਲੋਕ ਭਾਜਪਾ ਨਾਲ ਨਾਰਾਜ਼ ਹਨ ਤੇ ਜੇਕਰ ਸਪਾ ਖੇਤਰੀ ਤੇ ਛੋਟੀਆਂ ਪਾਰਟੀਆਂ ਨਾਲ ਗੱਠਜੋੜ ਕਰਦੀ ਹੈ ਤਾਂ ਚੋਣਾਂ ਦੇ ਨਤੀਜੇ ਬਦਲ ਸਕਦੇ ਹਨ। ਉਨ੍ਹਾਂ ਕਿਹਾ, ਜੇਕਰ ਸਮਾਜਵਾਦੀ ਪਾਰਟੀ ਐੱਸਬੀਐੱਸਪੀ ਨਾਲ ਗੱਠਜੋੜ ਕਰਦੀ ਹੈ ਤਾਂ ਮਊ, ਬਲੀਆ, ਗਾਜ਼ੀਪੁਰ, ਆਜ਼ਮਗੜ੍ਹ, ਜੌਨਪੁਰ, ਅੰਬੇਡਕਰ ਨਗਰ ਅਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਭਾਜਪਾ ਨੂੰ ਇੱਕ ਵੀ ਸੀਟ ਹਾਸਲ ਨਹੀਂ ਹੋਵੇਗੀ।’ ਉਨ੍ਹਾਂ ਕਿਹਾ ਕਿ ਯੂਪੀ ਦੀਆਂ ਕੁਲ 403 ਸੀਟਾਂ ਵਿੱਚੋਂ 150 ਸੀਟਾਂ ਪੂਰਬੀ ਯੂਪੀ ਦੀਆਂ ਹਨ।