ਨਵੀਂ ਦਿੱਲੀ: ਦੱਖਣ ਪੱਛਮੀ ਮੌਨਸੂਨ ਅੰਡੇਮਾਨ ਤੇ ਨਿਕੋਬਾਰ ਟਾਪੂਆਂ ’ਤੇ ਪਹੁੰਚ ਗਈ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਮੌਨਸੂਨ ਜਲਦੀ ਹੀ ਭਾਰਤ ਦੇ ਦੱਖਣੀ ਹਿੱਸੇ ’ਚ ਪਹੁੰਚ ਜਾਵੇਗੀ। ਮੌਸਮ ਵਿਭਾਗ ਮੁਤਾਬਕ, ‘ਦੱਖਣ ਪੱਛਮੀ ਮੌਨਸੂਨ ਅੱਜ ਬੰਗਾਲ ਦੀ ਖਾੜੀ ਦੇ ਦੱਖਣ, ਨਿਕੋਬਾਰ ਟਾਪੂਆਂ ਤੇ ਪੂਰੇ ਦੱਖਣੀ ਅੰਡੇਮਾਨ ਸਮੁੰਦਰ ਅਤੇ ਉੱਤਰੀ ਅੰਡੇਮਾਨ ਸਮੁੰਦਰ ਦੇ ਕੁਝ ਹਿੱਸਿਆਂ ਵਿੱਚ ਦਸਤਕ ਦੇ ਚੁੱਕੀ ਹੈ।’ ਪਿਛਲੇ ਹਫ਼ਤੇ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਸੀ ਕਿ ਮੌਨਸੂਨ 31 ਮਈ ਤੱਕ, ਆਪਣੇ ਨਿਰਧਾਰਿਤ ਸਮੇਂ ਤੋਂ ਇੱਕ ਪਹਿਲਾਂ, ਕੇਰਲਾ ਦੇ ਸਾਹਿਲਾਂ ’ਤੇ ਪੁੱਜ ਜਾਵੇਗੀ। ਮੌਸਮ ਵਿਭਾਗ ਨੇ ਇਸ ਸਾਲ ਮੌਨਸੂਨ ਦੇ ਆਮ ਵਾਂਗ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ। -ਪੀਟੀਆਈ