ਨਵੀਂ ਦਿੱਲੀ: ਦੱਖਣੀ ਕੋਰੀਆ ਦੀ ਤਕਨੀਕੀ ਕੰਪਨੀ ਸੈਮਸੰਗ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਭਾਰਤ ਦੀ ਕੋਵਿਡ ਟੀਕਾਕਰਨ ਮੁਹਿੰਮ ਦਾ ਸਮਰਥਨ ਕਰਦੀ ਹੈ ਤੇ ਇਕ ਮਿਲੀਅਨ ਇਨੋਵੇਟਿਵ ਲੋਅ ਡੈੱਡ ਸਪੇਸ (ਐਲਡੀਐਸ) ਸਰਿੰਜ ਭਾਰਤ ਨੂੰ ਭੇਜ ਰਹੀ ਹੈ। ਇਹ ਦੇਸ਼ ਲਈ ਕੰਪਨੀ ਦੇ ਕੋਵਿਡ-19 ਸਹਾਇਤਾ ਪ੍ਰੋਗਰਾਮ ਦਾ ਹਿੱਸਾ ਹੈ। ਸੈਮਸੰਗ ਇੰਡੀਆ ਦੇ ਉਪ ਪ੍ਰਧਾਨ ਅਤੇ ਸੀਐੱਸਆਰ ਦੇ ਮੁਖੀ ਪਾਰਥ ਘੋਸ਼ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਤੋਂ, ਸੈਮਸੰਗ ਨੇ ਆਕਸੀਜਨ ਕੰਸਨਟਰੇਟਰਾਂ, ਆਕਸੀਜਨ ਸਿਲੰਡਰਾਂ ਅਤੇ ਹੋਰ ਵਧੇਰੇ ਸਾਜ਼ੋ ਸਾਮਾਨ ਖਰੀਦਣ ਲਈ ਵਿੱਤੀ ਗ੍ਰਾਂਟ ਪ੍ਰਦਾਨ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ, ਕਿਉਂਕਿ ਇਹ ਸਮੇਂ ਦੀ ਮੁੱਖ ਲੋੜ ਸੀ। ਉਨ੍ਹਾਂ ਕਿਹਾ ਕਿ ਐੱਲਡੀਐੱਸ ਸਰਿੰਜ ਟੀਕੇ ਮਗਰੋਂ ਸਰਿੰਜਾਂ ਵਿੱਚ ਬਚੀ ਦਵਾਈ ਦੀ ਮਾਤਰਾ ਨੂੰ ਘੱਟ ਕਰਦਾ ਹੈ, ਟੀਕੇ ਦੀ ਬਰਬਾਦੀ ਨੂੰ ਘਟਾਉਂਦਾ ਹੈ, ਅਤੇ ਇਸ ਤਰ੍ਹਾਂ 20 ਫ਼ੀਸਦ ਵਧੇਰੇ ਲੋਕਾਂ ਨੂੰ ਉਸੇ ਮਾਤਰਾ ਵਿੱਚ ਟੀਕੇ ਦੀ ਖੁਰਾਕ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ। ਦੱਖਣੀ ਕੋਰੀਆ ਤੋਂ ਆਈਆਂ ਐਲਡੀਐਸ ਸਰਿੰਜਾਂ ਨੂੰ ਉੱਤਰ ਪ੍ਰਦੇਸ਼ ਵਿੱਚ ਭੇਜਿਆ ਗਿਆ ਹੈ। -ਪੀਟੀਆਈ