ਰਾਂਚੀ/ਰਾਏਪੁਰ, 3 ਨਵੰਬਰ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅੱਜ ਈਡੀ ਵੱਲੋਂ ਜਾਰੀ ਸੰਮਨਾਂ ਮੁਤਾਬਕ ਪੁੱਛ-ਪੜਤਾਲ ਲਈ ਏਜੰਸੀ ਅੱਗੇ ਪੇਸ਼ ਨਹੀਂ ਹੋਏ। ਉਨ੍ਹਾਂ ਨੂੰ ਕਥਿਤ ਗੈਰਕਾਨੂੰਨੀ ਖ਼ਣਨ ਦੇ ਕੇਸ ਵਿਚ ਪੜਤਾਲ ਲਈ ਸੱਦਿਆ ਗਿਆ ਸੀ। ਏਜੰਸੀ ਅੱਗੇ ਪੇਸ਼ ਹੋਣ ਦੀ ਬਜਾਏ ਉਹ ਆਪਣੇ ‘ਤੈਅ ਪ੍ਰੋਗਰਾਮ’ ਮੁਤਾਬਕ ਇਕ ਸਮਾਗਮ ਵਿਚ ਹਿੱਸਾ ਲੈਣ ਲਈ ਛੱਤੀਸਗੜ੍ਹ ਚਲੇ ਗਏ। ਉਨ੍ਹਾਂ ਨਾਲ ਹੀ ਕੇਂਦਰੀ ਏਜੰਸੀ ਨੂੰ ਕਿਹਾ ਕਿ ਜੇ ਉਨ੍ਹਾਂ (ਸੋਰੇਨ) ਕੋਈ ਗੰਭੀਰ ਅਪਰਾਧ ਕੀਤਾ ਹੈ ਤਾਂ ਸੰਮਨ ਭੇਜਣ ਦੀ ਬਜਾਏ ਏਜੰਸੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇ। ਜ਼ਿਕਰਯੋਗ ਹੈ ਕਿ ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਝਾਰਖੰਡ ਮੁਕਤੀ ਮੋਰਚਾ ਦੇ ਪ੍ਰਧਾਨ ਨੂੰ ਅੱਜ 11 ਵਜੇ ਰਾਂਚੀ ਸਥਿਤ ਏਜੰਸੀ ਦੇ ਦਫ਼ਤਰ ਸੱਦਿਆ ਸੀ। ਸੋਰੇਨ ਨੇ ਦੋਸ਼ ਲਾਇਆ ਕਿ ‘ਈਡੀ ਨੇ ਸੰਮਨ ਇਕ ਸਾਜ਼ਿਸ਼ ਤਹਿਤ ਭੇਜੇ ਹਨ। ਮੈਂ ਨਾ ਤਾਂ ਡਰਿਆ ਹਾਂ ਤੇ ਨਾ ਹੀ ਚਿੰਤਤ ਹਾਂ। ਝਾਰਖੰਡ ਦੇ ਲੋਕਾਂ ਦੀਆਂ ਸ਼ੁੱਭ ਇੱਛਾਵਾਂ ਮੇਰੇ ਨਾਲ ਹਨ ਤੇ ਮੈਂ ਮਜ਼ਬੂਤ ਹੋ ਰਿਹਾ ਹਾਂ।’ ਮਗਰੋਂ ਰਾਏਪੁਰ (ਛੱਤੀਸਗੜ੍ਹ) ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਉਨ੍ਹਾਂ ਦੀ ਲੋਕਤੰਤਰਿਕ ਢੰਗ ਨਾਲ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦੇ ਯਤਨ ਕਰ ਰਹੀ ਹੈ, ਤੇ ਇਸ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਸੋਰੇਨ ਨੇ ਕਿਹਾ, ‘ਅਸੀਂ ਰਾਜ ਵਿਚ ਘੁੰਮ ਰਹੇ ਬਾਹਰਲੇ ਗੈਂਗਾਂ ਦੀ ਸ਼ਨਾਖ਼ਤ ਕਰ ਲਈ ਹੈ ਜੋ ਸੂਬੇ ਦੇ ਆਦਿਵਾਸੀਆਂ ਨੂੰ ਉਨ੍ਹਾਂ ਦੇ ਪੈਰਾਂ ਉਤੇ ਖੜ੍ਹਾ ਨਹੀਂ ਹੋਣ ਦੇਣਾ ਚਾਹੁੰਦੇ। ਇਸ ਸੂਬੇ ਉਤੇ ਰਾਜ ਝਾਰਖੰਡੀ ਹੀ ਕਰਨਗੇ, ਕੋਈ ਬਾਹਰਲੀ ਤਾਕਤ ਨਹੀਂ।’ ਹੇਮੰਤ ਨੇ ਈਡੀ ਤੇ ਭਾਜਪਾ ਦਫ਼ਤਰਾਂ ਦੁਆਲੇ ਵਧੀ ਸੁਰੱਖਿਆ ’ਤੇ ਸਵਾਲ ਚੁੱਕਦਿਆਂ ਕਿਹਾ ਕਿ ‘ਕੀ ਉਹ ਝਾਰਖੰਡੀਆਂ ਤੋਂ ਡਰ ਗਏ ਹਨ?’ ਸੋਰੇਨ ਨੇ ਰਾਏਪੁਰ ਤੋਂ ਗੁਜਰਾਤ ਦੇ ਆਦਿਵਾਸੀ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਭਾਜਪਾ ਨੂੰ ਵੋਟ ਨਾ ਦੇਣ। ਭਾਜਪਾ ’ਤੇ ਤਿੱਖਾ ਹੱਲਾ ਬੋਲਦਿਆਂ ਸੋਰੇਨ ਨੇ ਕਿਹਾ ਕਿ ‘ਭਗਵਾਂ ਪਾਰਟੀ ਨੂੰ ਆਦਿਵਾਸੀਆਂ ਦੀ ਇਸ ਸਥਾਨਕ ਪਾਰਟੀ ਨੂੰ ਮਿਲਿਆ ਲੋਕਾਂ ਦਾ ਫ਼ਤਵਾ ਪਚਾਉਣਾ ਔਖਾ ਹੋਇਆ ਪਿਆ ਹੈ।’ ਇਸੇ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ‘ਡਰ ਦੀ ਸਿਆਸਤ’ ਕੀਤੀ ਜਾ ਰਹੀ ਹੈ। ਜੇਐਮਐਮ ਮੁਖੀ ਨੇ ਕਿਹਾ ਕਿ ਭਾਜਪਾ ਦੀ ਮਾਨਸਿਕਤਾ ਸਾਮੰਤਵਾਦੀ ਹੈ ਤੇ ਇਹ ਆਦਿਵਾਸੀਆਂ, ਦਲਿਤਾਂ ਤੇ ਹੋਰਾਂ ਪੱਛੜਿਆਂ ਨੂੰ ਅੱਗੇ ਵਧਦਿਆਂ ਨਹੀਂ ਦੇਖ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਵਿਚ ਮੌਜੂਦਾ ਸਰਕਾਰ ਵਪਾਰੀਆਂ ਦੀ ਹੈ ਜੋ ਸਿਰਫ਼ ਲੈਣਾ ਜਾਣਦੇ ਹਨ, ਦੇਣਾ ਨਹੀਂ। ਸੋਰੇਨ ਨੇ ਕਿਹਾ ਕਿ ਜਦ ਵੀ ਰਾਜ ਆਪਣਾ ਹੱਕ ਮੰਗਦਾ ਹੈ, ਕੇਂਦਰ ਸਰਕਾਰ ਈਡੀ, ਸੀਬੀਆਈ ਤੇ ਕੋਰਟ ਕੇਸਾਂ ਦੇ ਰੂਪ ਵਿਚ ਜਵਾਬ ਦਿੰਦੀ ਹੈ। ਸੋਰੇਨ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਲੋਕਤੰਤਰਿਕ ਢੰਗ ਨਾਲ ਚੁਣੀ ਸਰਕਾਰ ਨੂੰ ਡੇਗਿਆ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ, ਹਾਲਾਂਕਿ ਉਨ੍ਹਾਂ ਆਸ ਜਤਾਈ ਕਿ ਸਰਕਾਰ ਪੰਜ ਸਾਲ ਪੂਰੇ ਕਰੇਗੀ। -ਪੀਟੀਆਈ
ਮੁੱਖ ਮੰਤਰੀ ਨੇ ਪੇਸ਼ ਹੋਣ ਲਈ ਤਿੰਨ ਹਫ਼ਤਿਆਂ ਦਾ ਸਮਾਂ ਮੰਗਿਆ
ਰਾਂਚੀ: ਝਾਰਖੰਡ ਦੇ ਮੁੱਖ ਮੰਤਰੀ ਹੇਮੰੰਤ ਸੋਰੇਨ ਨੇ ਗੈਰਕਾਨੂੰਨੀ ਮਾਈਨਿੰਗ ਮਾਮਲੇ ਵਿਚ ਪੇਸ਼ ਹੋਣ ਲਈ ਈਡੀ ਤੋਂ ਹੁਣ ਤਿੰਨ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਏਜੰਸੀ ਜਲਦੀ ਹੀ ਨਵੇਂ ਸਿਰਿਓਂ ਸੰਮਨ ਭੇਜ ਸਕਦੀ ਹੈ। ਏਜੰਸੀ ਦੇ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਮੁੱਖ ਮੰਤਰੀ ਦਫ਼ਤਰ ਤੋਂ ਪੱਤਰ ਮਿਲ ਗਿਆ ਹੈ। -ਪੀਟੀਆਈ