ਰਾਂਚੀ, 1 ਸਤੰਬਰ
ਸੱਤਾਧਾਰੀ ਯੂਪੀਏ ਆਗੂਆਂ ਦੇ ਵਫ਼ਦ ਨੇ ਅੱਜ ਝਾਰਖੰਡ ਦੇ ਰਾਜਪਾਲ ਰਮੇਸ਼ ਬੈਸ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਵਿਧਾਇਕ ਵਜੋਂ ਅਯੋਗ ਠਹਿਰਾਉਣ ਸਬੰਧੀ ਚੋਣ ਕਮਿਸ਼ਨ ਦੀ ਸਿਫਾਰਸ਼ ਬਾਰੇ ਰਾਜ ਭਵਨ ਤੋਂ ‘ਚੋਣਵੀਂ ਜਾਣਕਾਰੀ’ ਲੀਕ ਕੀਤੇ ਜਾਣ ਤੋਂ ਹੈਰਾਨ ਹਨ। ਵਫ਼ਦ ਨੇ ਬੈਸ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਅਜਿਹੀਆਂ ਖ਼ਬਰਾਂ ਲੀਕ ਕਰਨ ਨਾਲ ਘੜਮੱਸ ਦੇ ਨਾਲ ਦੁਚਿੱਤੀ ਪੈਦਾ ਹੁੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਰਾਜਪਾਲ ਭਾਰਤੀ ਚੋਣ ਕਮਿਸ਼ਨ ਦੀ ਸਿਫਾਰਸ਼ ਬਾਰੇ ਸਥਿਤੀ ਸਪਸ਼ਟ ਕਰਨ। ਇਸ ਦੌਰਾਨ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਅਗਵਾਈ ਵਾਲੀ ਝਾਰਖੰਡ ਕੈਬਨਿਟ ਨੇ 5 ਸਤੰਬਰ ਨੂੰ ਅਸੈਂਬਲੀ ਦਾ ਇਕ ਰੋਜ਼ਾ ਵਿਸ਼ੇਸ਼ ਇਜਲਾਸ ਸੱਦਣ ਸਬੰਧੀ ਰਾਜਪਾਲ ਨੂੰ ਅਪੀਲ ਕਰਨ ਦਾ ਫ਼ੈਸਲਾ ਕੀਤਾ ਹੈ।
ਵਫ਼ਦ ਨੇ ਰਾਜ ਭਵਨ ਦੀ ਆਪਣੀ ਫੇਰੀ ਦੌਰਾਨ ਇਹ ਗੱਲ ਵੀ ਕਹੀ ਕਿ ਸੋਰੇਨ ਦੇ ਭਵਿੱਖ ਬਾਰੇ ਅਫ਼ਵਾਹਾਂ ਨਾਲ ‘ਜਮਹੂਰੀ ਤੌਰ ’ਤੇ ਚੁਣੀ ਸਰਕਾਰ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੱਲਾਸ਼ੇਰੀ ਮਿਲੇਗੀ।’ ਉਂਜ ਵਫ਼ਦ ਨੇ ਜ਼ੋਰ ਦੇ ਕੇ ਆਖਿਆ ਕਿ ਮੁੱਖ ਮੰਤਰੀ ਨੂੰ ਵਿਧਾਇਕ ਵਜੋਂ ਅਯੋਗ ਠਹਿਰਾਉਣ ਨਾਲ ਸਰਕਾਰ ’ਤੇ ਕੋਈ ਅਸਰ ਨਹੀਂ ਪਏਗਾ ਕਿਉਂਕਿ ਗੱਠਜੋੜ ਕੋਲ ਪੂਰਨ ਬਹੁਮਤ ਹਾਸਲ ਹੈ। -ਪੀਟੀਆਈ
ਪੁਰਾਣੀ ਪੈਨਸ਼ਨ ਸਕੀਮ ਲਾਗੂ
ਰਾਂਚੀ: ਝਾਰਖੰਡ ਵਿੱਚ ਵੀਰਵਾਰ ਤੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋ ਗਈ ਹੈ। ਸੋਰੇਨ ਕੈਬਨਿਟ ਨੇ ਇਸ ਸਬੰਧੀ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਹੈ। ਪੁਰਾਣੀ ਪੈਨਸ਼ਨ ਸਕੀਮ ਪਹਿਲੀ ਅਪਰੈਲ 2004 ਤੋਂ ਬੰਦ ਕਰਕੇ ਇਸ ਦੀ ਥਾਂ ਨੈਸ਼ਨਲ ਪੈਨਸ਼ਨ ਸਕੀਮ (ਐੱਨਪੀਐੱਸ) ਲਿਆਂਦੀ ਗਈ ਸੀ। ਸੋਰੇਨ ਕੈਬਨਿਟ ਨੇ 15 ਜੁਲਾਈ ਨੂੰ ਪਿਛਲੀ ਮੀਟਿੰਗ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਸੀ। -ਪੀਟੀਆਈ