ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੁਲਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਸਿੰਗਾਪੁਰ ਦੌਰੇ ਲਈ ਛੇਤੀ ਮਨਜ਼ੂਰੀ ਦਿੱਤੀ ਜਾਵੇ ਜਿੱਥੇ ਉਨ੍ਹਾਂ ‘ਵਰਲਡ ਸਿਟੀਜ਼ ਸਮਿਟ’ ਵਿੱਚ ਸ਼ਿਰਕਤ ਕਰਨੀ ਹੈ। ਸ੍ਰੀ ਕੇਜਰੀਵਾਲ ਨੇ ਮਨਜ਼ੂਰੀ ’ਚ ਦੇਰੀ ਲਈ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਉਨ੍ਹਾਂ ਦੇ ਸਿੰਗਾਪੁਰ ਦੌਰੇ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਉਨ੍ਹਾਂ ਇਸ ਸਬੰਧੀ 5 ਹਫ਼ਤੇ ਪਹਿਲਾਂ 7 ਜੂਨ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਕਿਹਾ ਕਿ ਕਿਸੇ ਰਾਜ ਦੇ ਮੁੱਖ ਮੰਤਰੀ ਨੂੰ ਅਜਿਹੇ ਅਹਿਮ ਸਮਾਗਮ ਵਿੱਚ ਜਾਣ ਤੋਂ ਰੋਕਣਾ ਠੀਕ ਨਹੀਂ ਹੈ। ਉਨ੍ਹਾਂ ਮੁਤਾਬਕ ਚਿੱਠੀ ਦਾ ਜਵਾਬ ਅਜੇ ਤੱਕ ਨਹੀਂ ਮਿਲਿਆ।
ਉਨ੍ਹਾਂ ਯਾਦ ਕਰਵਾਇਆ ਕਿ ਜਦੋਂ ਸ੍ਰੀ ਮੋਦੀ ਨੂੰ ਅਮਰੀਕਾ ਨੇ ਵੀਜ਼ਾ ਦੇਣ ਤੋਂ ਮਨ੍ਹਾਂ ਕੀਤਾ ਸੀ ਤਾਂ ਉਸ ਸਮੇਂ ਸਾਰਾ ਦੇਸ਼ ਉਨ੍ਹਾਂ ਨਾਲ ਖੜ੍ਹਾ ਸੀ ਅਤੇ ਅਮਰੀਕਾ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇੱਕ ਮੁੱਖ ਮੰਤਰੀ ਨੂੰ ਅਜਿਹੇ ਮੰਚ ਉੱਤੇ ਜਾਣ ਤੋਂ ਰੋਕਣਾ ਦੇਸ਼ ਦੇ ਹਿੱਤਾਂ ਖ਼ਿਲਾਫ਼ ਹੋਵੇਗਾ। ਸੂਤਰਾਂ ਮੁਤਾਬਕ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਸਿੰਗਾਪੁਰ ਦੌਰੇ ਦੀ ਫਾਈਲ ਅਜੇ ਤੱਕ ਮਨਜ਼ੂਰ ਨਹੀਂ ਕੀਤੀ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਹ ਉੱਥੇ ਜਾ ਕੇ ਦਿੱਲੀ ਮਾਡਲ ਪੇਸ਼ ਕਰਨਗੇ ਤੇ ਸਿੱਖਿਆ, ਹਸਪਤਾਲਾਂ, ਮੁਹੱਲਾ ਕਲੀਨਿਕਾਂ ਤੇ ਮੁਫ਼ਤ ਬਿਜਲੀ ਯੋਜਨਾ ਬਾਰੇ ਦੱਸਣਗੇ ਜਿਸ ਨਾਲ ਦੇਸ਼ ਦਾ ਮਾਣ ਹੋਰ ਵਧੇਗਾ। ਜ਼ਿਕਰਯੋਗ ਹੈ ਕਿ ਸਿੰਗਾਪੁਰ ਦੇ ਹਾਈ ਕਮਿਸ਼ਨਰ ਸਾਈਮਨ ਵੌਂਗ ਨੇ ਜੂਨ ਵਿੱਚ ਕੇਜਰੀਵਾਲ ਨੂੰ ਅਗਸਤ ਦੇ ਪਹਿਲੇ ਹਫ਼ਤੇ ਹੋਣ ਵਾਲੇ ਵਿਸ਼ਵ ਸ਼ਹਿਰ ਸੰਮੇਲਨ 2022 ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।