ਮੁੰਬਈ, 24 ਜੂਨ
ਬੌਲੀਵੁੱਡ ਅਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਆਪਣੀ ਇੱਕ ਵੀਡੀਓ ਵਿੱਚ ‘ਸੋਨੂੰ ਸੂਦ ਕੀ ਸੁਪਰਮਾਰਕੀਟ’ ਜ਼ਰੀਏ ਆਪਣੇ ਸਾਈਕਲ ’ਤੇ ਰੋਜ਼ਾਨਾ ਵਰਤੋਂ ਲਈ ਆਂਡੇ, ਬਰੈੱਡ, ਚਿਪਸ ਅਤੇ ਹੋਰ ਘਰੇਲੂ ਸਾਮਾਨ ਵੇਚਦੇ ਦਿਖਾਈ ਦਿੱਤੇ। ਸੋਨੂੰ ਸੂਦ ਦੇ ਅਜਿਹਾ ਕਰਨ ਪਿੱਛੇ ਮਕਸਦ ਛੋਟੇ ਕਾਰੋਬਾਰ ਨੂੰ ਉਤਸ਼ਾਹਿਤ ਕਰਨਾ ਸੀ। ਸੋਨੂੰ ਨੇ ਬੀਤੀ ਦੇਰ ਰਾਤ ਆਪਣੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਆਪਣੇ ਸਾਈਕਲ ’ਤੇ ਘਰੇਲੂ ਸਾਮਾਨ ਵੇਚਦੇ ਦਿਖਾਈ ਦਿੱਤੇ। ਵੀਡੀਓ ਵਿੱਚ ਉਹ ਕਹਿੰਦੇ ਹਨ, ‘‘ਤੁਹਾਨੂੰ ਘਰੇਲੂ ਸਾਮਾਨ ਖ਼ਰੀਦਣ ਲਈ ਮਾਲ ਜਾਣ ਦੀ ਲੋੜ ਨਹੀਂ।’’ ਉਨ੍ਹਾਂ ਅੱਗੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਸੁਪਰਮਾਰਕੀਟ ਤੁਹਾਡੇ ਘਰ ਅੱਗੇ ਰੋਜ਼-ਮੱਰ੍ਹਾ ਦੀਆਂ ਚੀਜ਼ਾਂ ਦੇਣ ਲਈ ਤਿਆਰ ਹੈ। ਅਦਾਕਾਰ ਨੇ ਆਮ ਰੇਹੜੀ-ਫੜ੍ਹੀ ਵਾਲਿਆਂ ਤੋਂ ਚੀਜ਼ਾਂ ਖ਼ਰੀਦਣ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਕਿਹਾ, ‘‘ਇਹ ਮਾਰਕੀਟ ਹਿੱਟ ਹੈ।’’ ਉਸ ਨੇ ਵੀਡੀਓ ਥੱਲੇ ਕੈਪਸ਼ਨ ਵਿੱਚ ਲਿਖਿਆ, ‘‘ਘਰ ਤੱਕ ਸਾਮਾਨ ਦੀ ਮੁਫ਼ਤ ਡਲਿਵਰੀ। ਦਸ ਆਂਡਿਆਂ ਨਾਲ ਇੱਕ ਬਰੈੱਡ ਮੁਫ਼ਤ…#ਸੁਪਰਮਾਰਕੀਟ#ਸਪੋਰਟਸਮਾਲਬਿਜ਼ਨਸ।’’ -ਆਈਏਐੱਨਐੱਸ