ਨਵੀਂ ਦਿੱਲੀ, 16 ਅਪਰੈਲ
ਕਾਂਗਰਸ ਵੱਲੋਂ ਸਾਲ 2024 ਲੋਕ ਸਭਾ ਚੋਣਾਂ ਲਈ ਚਰਚਾ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਂਤ ਕਿਸ਼ੋਰ ਨੇ ਪਾਰਟੀ ਨੂੰ ਸੁਝਾਅ ਦਿੱਤਾ ਹੈ ਕਿ ਕਾਂਗਰਸ ਸਾਰੀਆਂ ਸੀਟਾਂ ਦੀ ਥਾਂ 370 ਲੋਕ ਸਭਾ ਸੀਟਾਂ ’ਤੇ ਹੀ ਚੋਣ ਲੜੇ ਤੇ ਜਿਥੇ ਕਾਂਗਰਸ ਦਾ ਆਧਾਰ ਨਹੀਂ ਹੈ ਉਥੇ ਦੀ ਸੀਟ ਆਪਣੀ ਸਹਿਯੋਗੀ ਪਾਰਟੀ ਨੂੰ ਦੇਵੇ। ਇਸ ਮੌਕੇ ਕਾਂਗਰਸ ਆਗੂਆਂ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਸੱਦਾ ਦਿੱਤਾ ਕਿ ਉਹ ਰਣਨੀਤੀਕਾਰ ਦੀ ਥਾਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ। ਇਸ ਸਬੰਧੀ ਪ੍ਰਸ਼ਾਂਤ ਨੇ ਹਾਲੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਇਸ ਤੋਂ ਪਹਿਲਾਂ ਕਾਂਗਰਸ ਦੇ ਵੱਡੇ ਨੇਤਾਵਾਂ ਨੇ ਅੱਜ ਇਥੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਅਤੇ ਮੌਜੂਦਾ ਰਾਜਨੀਤਿਕ ਸਥਿਤੀ ‘ਤੇ ਚਰਚਾ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਨੇਤਾ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਰਣਨੀਤੀ ਅਤੇ ਰਾਜਸਥਾਨ ਵਿਚ ਪਾਰਟੀ ਦੇ ਚਿੰਤਨ ਕੈਂਪ ਲਾਉਣ ‘ਤੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਸੀਨੀਅਰ ਆਗੂ ਮੱਲਿਕਾਰਜੁਨ ਖੜਗੇ, ਕੇਸੀ ਵੇਣੂਗੋਪਾਲ, ਅੰਬਿਕਾ ਸੋਨੀ, ਅਜੈ ਮਾਕਨ, ਪ੍ਰਿਯੰਕਾ ਗਾਂਧੀ ਵਾਡਰਾ, ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਸ਼ਾਮਲ ਸਨ।