ਨਵੀਂ ਦਿੱਲੀ, 24 ਜੂਨਦੇਸ਼ ਵਿਚ ਕੋਵੀਡ-19 ਟੀਕਾਕਰਨ ਦੀ ਰਫ਼ਤਾਰ ’ਤੇ ਚਿੰਤਾ ਜ਼ਾਹਰ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਸਾਰੇ ਬਾਲਗ ਨਾਗਰਿਕਾਂ ਨੂੰ ਇਸ ਸਾਲ ਦੇ ਅੰਤ ਤੱਕ ਟੀਕਾ ਲਗਾਉਣ ਲਈ ਜ਼ਰੂਰੀ ਹੈ ਕਿ ਟੀਕੇ ਲਾਉਣ ਦੀ ਗਤੀ ਤਿੰਨ ਗੁਣਾ ਕੀਤੀ ਜਾਵੇ। ਪਾਰਟੀ ਦੇ ਜਨਰਲ ਸੱਕਤਰਾਂ ਅਤੇ ਸੂਬਾ ਇੰਚਾਰਜਾਂ ਨਾਲ ਡਿਜੀਟਲ ਮੀਟਿੰਗ ਵਿੱਚ ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਕੋਵਿਡ-19 ਮਹਾਮਾਰੀ ਦੀ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਤੇਜ਼ੀ ਨਾਲ ਤਿਆਰੀ ਕਰਨ ਅਤੇ ਬੱਚਿਆਂ ਦੀ ਸੁਰੱਖਿਆ ਲਈ ਕਦਮ ਚੁੱਕਣ ਦੀ ਲੋੜ ਹੈ। ਸ੍ਰੀਮਤੀ ਸੋਨੀਆ ਨੇ ਪਾਰਟੀ ਨੇਤਾਵਾਂ ਨੂੰ ਸੱਦਾ ਦਿੱਤਾ ਕਿ ਉਹ ਇਹ ਯਕੀਨੀ ਬਣਾਉਣ ਕਿ ਜੇ ਲੋਕਾਂ ਵਿੱਚ ਟੀਕਿਆਂ ਬਾਰੇ ਕੋਈ ਝਿਜਕ ਹੈ ਤਾਂ ਉਸ ਨੂੰ ਦੂਰ ਕੀਤਾ ਜਾਵੇ ਅਤੇ ਟੀਕਿਆਂ ਦੀ ਬਰਬਾਦੀ ਨੂੰ ਘੱਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ਵਿੱਚ ਵਾਧੇ ਦੇ ਨਾਲ-ਨਾਲ ਖਾਣ ਪੀਣ ਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਮਹਿੰਗੀਆ ਹੋ ਗਈਆਂ ਹਨ ਜਿਸ ਕਾਰਨ ਲੋਕ ਵੱਡੇ ਪੱਧਰ ’ਤੇ ਪ੍ਰੇਸ਼ਾਨ ਹੋ ਰਹੇ ਹਨ। ਇਹ ਸਭ ਉਸ ਸਮੇਂ ਹੋ ਰਿਹਾ ਹੈ ਜਦੋਂ ਲੋਕਾਂ ਨੌਕਰੀਆਂ ਗੁਆ ਰਹੇ ਹਨ ਤੇ ਬੇਰੁਜ਼ਗਾਰੀ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਆਰਥਿਕ ਸੁਧਾਰ ਅਜੇ ਹਕੀਕਤ ਤੋਂ ਬਹੁਤ ਦੂਰ ਹਨ।