ਨਵੀਂ ਦਿੱਲੀ, 7 ਜੂਨ
ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋਣ ਲਈ ਅਜੇ ਹੋਰ ਸਮੇਂ ਦੀ ਮੰਗ ਕੀਤੀ ਹੈ ਕਿਉਂਕਿ ਉਹ ਕਰੋਨਾ ਤੋਂ ਪੀੜਤ ਹਨ। ਪਾਰਟੀ ਸੂਤਰਾਂ ਅਨੁਸਾਰ ਸੋਨੀਆ ਗਾਂਧੀ ਵੀਰਵਾਰ ਨੂੰ ਕਰੋਨਾ ਪਾਜ਼ੇਟਿਵ ਪਾਏ ਗਏ ਸਨ ਤੇ ਉਨ੍ਹਾਂ ਦੀ ਰਿਪੋਰਟ ਹਾਲੇ ਕੋਵਿਡ ਨੈਗੇਟਿਵ ਨਹੀਂ ਆਈ ਹੈ ਤੇ ਉਹ ਸਿਹਤਮੰਦ ਨਹੀਂ ਹਨ।
ਜ਼ਿਕਰਯੋਗ ਹੈ ਕਿ ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਸਬੰਧਤ ਕੇਸ ਵਿੱਚ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ ਈਡੀ ਨੇ ਸ੍ਰੀਮਤੀ ਗਾਂਧੀ ਨੂੰ ਇਸ ਜਾਂਚ ਏਜੰਸੀ ਅੱਗੇ 8 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਕਾਂਗਰਸੀ ਆਗੂਆਂ ਨੇੇ ਦਾਅਵਾ ਕੀਤਾ ਸੀ ਕਿ ਸ੍ਰੀਮਤੀ ਗਾਂਧੀ ਈਡੀ ਅੱਗੇ ਪੇਸ਼ ਹੋਣ ਲਈ ਦ੍ਰਿੜ ਸੰਕਲਪ ਹੈ। ਇਸੇ ਕੇਸ ਵਿੱਚ ਹੀ ਈਡੀ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ 13 ਜੂਨ ਨੂੰ ਪੁੱਛ-ਪੜਤਾਲ ਲਈ ਸੱਦਿਆ ਹੈ। ਈਡੀ ਨੇ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ 2 ਜੂਨ ਜਾਂਚ ਏਜੰਸੀ ਅੱਗੇ ਪੇਸ਼ ਹੋਣ ਲਈ ਕਿਹਾ ਸੀ ਪਰ ਰਾਹੁਲ ਗਾਂਧੀ ਵਿਦੇਸ਼ ਗਏ ਹੋਏ ਸਨ। ਇਸੇ ਦੌਰਾਨ ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰੀਵੈਨਸ਼ਨ ਆਫ ਮਨੀ ਲੌਂਡਰਿੰਗ ਐਕਟ ਤਹਿਤ ਸੋਨੀਆ ਤੇ ਰਾਹੁਲ ਗਾਂਧੀ ਦੇ ਬਿਆਨ ਦਰਜ ਕੀਤੇ ਜਾਣੇ ਹਨ ਜਿਸ ਕਾਰਨ ਦੋਹਾਂ ਆਗੂਆਂ ਨੂੰ ਸੰਮਨ ਭੇਜੇ ਗਏ ਹਨ। ਦੋਹਾਂ ਆਗੂਆਂ ਤੋਂ ਕੀਤੀ ਜਾਣ ਵਾਲੀ ਪੁੱਛ-ਪੜਤਾਲ ਈਡੀ ਦੀ ਉਸ ਜਾਂਚ ਦਾ ਹਿੱਸਾ ਹਨ ਜਿਸ ਰਾਹੀਂ ਪਤਾ ਲੱਗੇਗਾ ਕਿ ਪੈਸਿਆ ਦਾ ਲੈਣ-ਦੇਣ ਕਿਵੇਂ ਹੋਇਆ ਤੇ ਇਸ ਕੇਸ ਵਿੱਚ ਐਸੋਸੀਏਟਿਡ ਜਨਰਲਜ਼ ਲਿਮਟਿਡ (ਏਜੇਐੱਲ) ਦੀ ਕੀ ਭੂਮਿਕਾ ਹੈ। -ਪੀਟੀਆਈ