ਨਵੀਂ ਦਿੱਲੀ/ਚੇਨਈ, 18 ਜੂਨ
ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਡੀਐਮਕੇ ਦੇ ਪ੍ਰਧਾਨ ਐਮ.ਕੇ. ਸਟਾਲਿਨ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪਾਰਟੀ ਆਗੂ ਰਾਹੁਲ ਗਾਂਧੀ ਵੀ ਹਾਜ਼ਰ ਸਨ। ਸਟਾਲਿਨ ਨੇ ਇਸ ਮੁਲਾਕਾਤ ਨੂੰ ‘ਦਿਲ ਦੇ ਕਰੀਬ’ ਕਰਾਰ ਦਿੱਤਾ। ਡੀਐਮਕੇ-ਕਾਂਗਰਸ ਗੱਠਜੋੜ ਵੱਲੋਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਇਨ੍ਹਾਂ ਆਗੂਆਂ ਦੀ ਇਹ ਪਹਿਲੀ ਮੁਲਾਕਾਤ ਸੀ। ਡੀਐਮਕੇ ਦਹਾਕੇ ਬਾਅਦ ਤਾਮਿਲਨਾਡੂ ਦੀ ਸੱਤਾ ਉਤੇ ਕਾਬਜ਼ ਹੋਈ ਹੈ। ਆਗੂਆਂ ਨੇ ਇਸ ਮੌਕੇ ਸੂਬੇ ਵਿਚ ਨਵੀਆਂ ਸਰਕਾਰੀ ਸਕੀਮਾਂ ਤੇ ਨੀਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਰਾਹੁਲ ਗਾਂਧੀ ਤੇ ਸਟਾਲਿਨ ਨੇ ਟਵੀਟ ਕਰ ਕੇ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ। ਰਾਹੁਲ ਨੇ ਕਿਹਾ ਕਿ ਕਾਂਗਰਸ ਤੇ ਡੀਐਮਕੇ ਤਾਮਿਲਨਾਡੂ ਦੇ ਲੋਕਾਂ ਨੂੰ ਮਜ਼ਬੂਤ ਅਤੇ ਖ਼ੁਸ਼ਹਾਲ ਬਣਾਉਣ ਲਈ ਕੰਮ ਕਰਦੇ ਰਹਿਣਗੇ। ਸਟਾਲਿਨ ਨੇ ਇਸ ਮੌਕੇ ਆਪਣੇ ਪਿਤਾ ਮਰਹੂਮ ਐਮ. ਕਰੁਣਾਨਿਧੀ ਦੇ ਕਾਂਗਰਸ ਨਾਲ ਰਿਸ਼ਤਿਆਂ ਦਾ ਵੀ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਵੀਰਵਾਰ ਸਟਾਲਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਸੂਬੇ ਨਾਲ ਜੁੜੀਆਂ ਕਈ ਮੰਗਾਂ ਉਨ੍ਹਾਂ ਅੱਗੇ ਰੱਖੀਆਂ ਸਨ। -ਪੀਟੀਆਈ