ਪਣਜੀ, 25 ਅਗਸਤ
ਗੋਆ ਪੁਲੀਸ ਨੇ ਭਾਜਪਾ ਆਗੂ ਤੇ ਹਰਿਆਣਾ ਵਾਸੀ ਸੋਨਾਲੀ ਫੋਗਾਟ (42) ਦੀ ਮੌਤ ਦੇ ਸਬੰਧ ਵਿੱਚ ਵੀਰਵਾਰ ਨੂੰ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਵਿੱਚ ਸੁਧੀਰ ਸਾਗਵਾਨ ਤੇ ਸੁਖਵਿੰਦਰ ਵਾਸੀ ਸ਼ਾਮਲ ਹਨ। ਦੋਵੇਂ ਜਣੇ ਸੋਨਾਲੀ ਫੋਗਾਟ ਦੇ ਸਹਿਯੋਗੀ ਦੱਸੇ ਗਏ ਹਨ। ਸੋਨਾਲੀ ਫੋਗਾਟ ਦੀ ਮੌਤ ਤੋਂ ਦੋ ਦਿਨ ਬਾਅਦ ਅੱਜ ਪਰਿਵਾਰ ਦੀ ਸਹਿਮਤੀ ਨਾਲ ਪੋਸਟਮਾਰਟਮ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਪੋਸਟਮਾਰਟ ਰਿਪੋਰਟ ’ਚ ਫੋਗਾਟ ਦੇ ਸਰੀਰ ’ਤੇ ਕਈ ਸੱਟਾਂ ਦੇ ਨਿਸ਼ਾਨ ਹਨ। ਗੋਆ ਦੇ ਡੀਜਪੀ ਜਸਪਾਲ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਪਰਿਵਾਰ ਨੇ ਪੋਸਟਮਾਰਟਮ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਨ ਦੀ ਸ਼ਰਤ ਰੱਖੀ ਸੀ। ਇਸ ਦੌਰਾਨ ਗੋਆ ਪੁਲੀਸ ਨੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਤੁਰੰਤ ਬਾਅਦ ਉਸ ਦੇ ਦੋ ਸਾਥੀਆਂ ਖ਼ਿਲਾਫ਼ ਕਤਲ ਕੇਸ ਦਰਜ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਇੱਥੇ ਦੱਸਿਆ ਕਿ 42 ਸਾਲਾ ਆਗੂ ਦੀ ਮੌਤ ਨਾਲ ਸਬੰਧਤ ਮਾਮਲੇ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਜੋੜ ਦਿੱਤੀ ਗਈ ਹੈ। ਮਾਮਲੇ ਵਿੱਚ ਸੁਧੀਰ ਸਾਗਵਾਨ ਅਤੇ ਸੁਖਵਿੰਦਰ ਵਾਸੀ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।ਪੋਸਟਮਾਰਟਮ ਪਹਿਲਾਂ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ) ਵਿੱਚ ਬੁੱਧਵਾਰ ਨੂੰ ਹੋਣਾ ਸੀ ਪਰ ਫੋਗਾਟ ਦੇ ਭਰਾ ਰਿੰਕੂ ਢਾਕਾ ਨੇ ਦਾਅਵਾ ਕੀਤਾ ਕਿ ਉਸ ਦੀ ਭੈਣ ਹੱਤਿਆ ਉਸ ਦੇ ਦੋ ਸਾਥੀਆਂ ਨੇ ਕੀਤੀ। ਢਾਕਾ ਨੇ ਕਿਹਾ ਸੀ ਕਿ ਪਰਿਵਾਰ ਪੋਸਟਮਾਰਟਮ ਦੀ ਇਜਾਜ਼ਤ ਤਦ ਹੀ ਦੇਵੇਗਾ ਜਦੋਂ ਗੋਆ ਪੁਲੀਸ ਦੋਵਾਂ ਖ਼ਿਲਾਫ਼ ਕੇਸ ਦਰਜ ਕਰੇਗੀ।