ਪਣਜੀ, 27 ਅਗਸਤ
ਗੋਆ ਦੀ ਅਦਾਲਤ ਨੇ ਸੋਨਾਲੀ ਫੋਗਾਟ ਮੌਤ ਮਾਮਲੇ ’ਚ ਮੁਲਜ਼ਮ ਸੁਧੀਰ ਸਾਗਵਾਨ ਅਤੇ ਸੁਖਵਿੰਦਰ ਵਾਸੀ ਨੂੰ 10 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਗੋਆ ਪੁਲੀਸ ਨੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਦੋ ਮੁਲਜ਼ਮਾਂ ਨੂੰ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਮਸ਼ਕੂਕ ਤਸਕਰ ਨੂੰ ਹਿਰਾਸਤ ‘ਚ ਲੈ ਲਿਆ। ਸੂਤਰਾਂ ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਨੇ ਆਪਣੇ ਬਿਆਨਾਂ ਵਿੱਚ ਮਸ਼ਕੂਕ ਤੋਂ ਨਸ਼ੀਲੇ ਪਦਾਰਥ ਖਰੀਦਣ ਦੀ ਗੱਲ ਕਬੂਲੀ ਸੀ। ਇਸ ਤੋਂ ਬਾਅਦ ਪੁਲੀਸ ਨੇ ਦੱਤਪ੍ਰਸਾਦ ਗਾਓਂਕਰ ਨੂੰ ਅੰਜੁਨਾ ਤੋਂ ਹਿਰਾਸਤ ਵਿੱਚ ਲਿਆ ਗਿਆ। ਇਸ ਦੌਰਾਨ ਹਿਰਾਸਤ ਵਿੱਚ ਲਏ ਇੱਕ ਹੋਰ ਵਿਅਕਤੀ ਦੀ ਪਛਾਣ ਕਰਲੀਜ਼ ਰੈਸਟੋਰੈਂਟ ਦੇ ਮਾਲਕ ਐਡਵਿਨ ਨੂਨਸ ਵਜੋਂ ਹੋਈ ਹੈ, ਜਿੱਥੇ ਫੋਗਾਟ 22 ਅਗਸਤ ਨੂੰ ਦੇਰ ਨਾਲ ਪਾਰਟੀ ਕਰ ਰਹੀ ਤੇ ਬਾਅਦ ਵਿੱਚ ਉਸ ਦੀ ਭੇਤਭਰੀ ਮੌਤ ਹੋ ਗਈ ਸੀ।