ਪਣਜੀ, 28 ਅਗਸਤ
ਸਥਾਨਕ ਕੋਰਟ ਨੇ ਹਰਿਆਣਾ ਨਾਲ ਸਬੰਧਤ ਭਾਜਪਾ ਆਗੂ ਸੋਨਾਲੀ ਫੋਗਾਟ(43) ਦੇ ਕਥਿਤ ਕਤਲ ਕੇਸ ਵਿੱਚ ਗ੍ਰਿਫ਼ਤਾਰ ਕਰਲੀਜ਼ ਰੈਸਟੋਰੈਂਟ ਦੇ ਮਾਲਕ ਨਨਜ਼ ਕਰਲੀਜ਼ ਤੇ ਦੋ ਨਸ਼ਾ ਤਸਕਰਾਂ ਨੂੰ ਅੱਜ ਪੰਜ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਨ੍ਹਾਂ ਵਿਚੋਂ ਇਕ ਨਸ਼ਾ ਤਸਕਰ ਰਾਮਾ ਉਰਫ਼ ਰਮਾਕਾਂਤ ਮਾਂਡਰੇਕਰ ਨੂੰ ਗੋਆ ਪੁਲੀਸ ਨੇ ਸ਼ਨਿਚਰਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਸੀ। ਇਸ ਸੱਜਰੀ ਗ੍ਰਿਫ਼ਤਾਰੀ ਨਾਲ ਪੁਲੀਸ ਹੁਣ ਤੱਕ ਕੁੱਲ ਪੰਜ ਵਿਅਕਤੀਆਂ ਨੂੰ ਕਾਬੂ ਕਰ ਚੁੱਕੀ ਹੈ। ਨਨਜ਼ ਵੱਲੋਂ ਦਾਖ਼ਲ ਜ਼ਮਾਨਤ ਅਰਜ਼ੀ ਕੋਰਟ ਨੇ ਰੱਦ ਕਰ ਦਿੱਤੀ। ਫੋਗਾਟ ਨਾਲ ਗੋਆ ਆਏ ਉਸ ਦੇ ਦੋ ਸਹਾਇਕ ਸੁਧੀਰ ਸਾਂਗਵਾਨ ਤੇ ਸੁਖਵਿੰਦਰ ਸਿੰਘ ਪਹਿਲਾਂ ਹੀ ਦਸ ਦਿਨ ਦੇ ਪੁਲੀਸ ਰਿਮਾਂਡ ’ਤੇ ਹਨ। ਸਾਬਕਾ ਟਿਕ ਟੌਕ ਸਟਾਰ ਫੋਗਾਟ ਨੂੰ 23 ਅਗਸਤ ਨੂੰ ਭੇਤ-ਭਰੀ ਹਾਲਤ ਵਿੱਚ ਗੋਆ ਦੇ ਇਕ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫੋਗਾਟ ਇਕ ਦਿਨ ਪਹਿਲਾਂ ਹੀ ਗੋਆ ਆਈ ਸੀ।
ਉੱਤਰੀ ਗੋਆ ਜ਼ਿਲ੍ਹੇ ’ਚ ਅੰਜੁਨਾ ਪੁਲੀਸ ਨੇ ਸ਼ਨਿਚਰਵਾਰ ਰਾਤ ਨੂੰ ਰਾਮਾ ਉਰਫ਼ ਰਮਾਕਾਂਤ ਮਾਂਡਰੇਕਰ ਨਾਂ ਦੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਮਾਂਡਰੇਕਰ ਨੇ ਇਕ ਹੋਰ ਨਸ਼ਾ ਤਸਕਰ ਦੱਤਾਪ੍ਰਸਾਦ ਗਾਓਂਕਰ ਨੂੰ ਨਸ਼ਾ ਸਪਲਾਈ ਕੀਤਾ ਸੀ। ਗਾਓਂਕਰ ਪਹਿਲਾਂ ਹੀ ਇਸ ਕੇਸ ਵਿੱਚ ਪੁਲੀਸ ਦੀ ਹਿਰਾਸਤ ਵਿੱਚ ਹੈ। ਗੋਆ ਪੁਲੀਸ ਨੇ ਇਸ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਗਾਓਂਕਰ ਨੇ ਇਸ ਕੇਸ ਦੇ ਦੋ ਹੋਰਨਾਂ ਮੁਲਜ਼ਮਾਂ ਸੁਧੀਰ ਸਾਂਗਵਾਨ ਤੇ ਸੁਖਵਿੰਦਰ ਸਿੰਘ ਨੂੰ ਨਸ਼ਾ ਸਪਲਾਈ ਕੀਤਾ ਸੀ। ਪੁਲੀਸ ਨੇ ਸ਼ਨਿਚਰਵਾਰ ਨੂੰ ਦਾਅਵਾ ਕੀਤਾ ਸੀ ਕਿ ਫੋਗਾਟ ਨੂੰ ਉਸ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਉਹਦੇ ਸਾਥੀਆਂ ਨੇ ਨਸ਼ਾ ਦਿੱਤਾ ਸੀ। ਇਸ ਤੋਂ ਪਹਿਲਾਂ ਪੁਲੀਸ ਦਾ ਦਾਅਵਾ ਸੀ ਕਿ ਫੋਗਾਟ ਦੇ ਸਾਥੀਆਂ ਸਾਂਗਵਾਨ ਤੇ ਸਿੰਘ ਨੂੰ ਕਥਿਤ ਨਸ਼ਾ ਮੁਹੱਈਆ ਕਰਵਾਉਣ ਵਾਲਾ ਗਾਓਂਕਰ ਹੀ ਸੀ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਇਕ ਹੋਰ ਸ਼ਖ਼ਸ ਐਡਵਿਨ ਨਨਜ਼ ਉੱਤਰੀ ਗੋਆ ਦੇ ਕਰਲੀਜ਼ ਰੈਸਟੋਰੈਂਟ ਦਾ ਮਾਲਕ ਹੈ। ਫੋਗਾਟ, ਨਨਜ਼, ਸਾਂਗਵਾਨ ਤੇ ਸਿੰਘ ਨੇ 22 ਤੇ 23 ਅਗਸਤ ਦੀ ਦਰਮਿਆਨੀ ਰਾਤ ਨੂੰ ਪਾਰਟੀ ਕੀਤੀ ਸੀ। -ਪੀਟੀਆਈ
ਲੋੜ ਪਈ ਤਾਂ ਕੇਸ ਦੀ ਜਾਂਚ ਸੀਬੀਆਈ ਨੂੰ ਦੇਣ ਲਈ ਤਿਆਰ: ਸਾਵੰਤ
ਪਣਜੀ: ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ ਕਿਹਾ ਕਿ ਜੇਕਰ ਲੋੜ ਪੈਂਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਭਾਜਪਾ ਆਗੂ ਸੋਨਾਲੀ ਫੋਗਾਟ ਮੌਤ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇਣ ਲਈ ਤਿਆਰ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਵੰਤ ਨੇ ਕਿਹਾ ਕਿ ਹਰਿਆਣਾ ਦੇ ਉਨ੍ਹਾਂ ਦੇ ਹਮਰੁਤਬਾ ਮਨੋਹਰ ਲਾਲ ਖੱਟਰ ਪਹਿਲਾਂ ਹੀ ਇਸ ਪੂਰੇ ਮਾਮਲੇ ਦੀ ਤਫ਼ਸੀਲੀ ਜਾਂਚ ਕੀਤੇ ਜਾਣ ਦੀ ਅਪੀਲ ਕਰ ਚੁੱਕੇ ਹਨ। ਸਾਵੰਤ ਨੇ ਕਿਹਾ ਕਿ ਸ੍ਰੀ ਖੱਟਰ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਫੋਗਾਟ ਪਰਿਵਾਰ ਕੇਸ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦਾ ਇੱਛੁਕ ਹੈ। ਉਨ੍ਹਾਂ ਕਿਹਾ ਕਿ ਗੋਆ ਪੁਲੀਸ ਬਾਰੀਕੀ ਨਾਲ ਕੇਸ ਦੀ ਜਾਂਚ ਕਰ ਰਹੀ ਹੈ। -ਪੀਟੀਆਈ