ਪਣਜੀ, 27 ਅਗਸਤ
ਭਾਜਪਾ ਆਗੂ ਸੋਨਾਲੀ ਫੋਗਾਟ ਦੀ ਹੱਤਿਆ ਦੇ ਕੇਸ ’ਚ ਪੁਲੀਸ ਨੇ ਅੱਜ ਗੋਆ ਦੇ ਇਕ ਰੈਸਤਰਾਂ ਮਾਲਕ ਤੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕੇਸ ਵਿਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਨਸ਼ਾ ਇਸੇ ਤਸਕਰ ਨੇ ਪਹੁੰਚਾਇਆ ਸੀ ਜੋ ਉਨ੍ਹਾਂ ਮਗਰੋਂ ਸੋਨਾਲੀ ਨੂੰ ਪਿਲਾਇਆ। ਇਸ ਕੇਸ ਵਿਚ ਹੁਣ ਤੱਕ ਪੁਲੀਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਦੌਰਾਨ ਅਦਾਲਤ ਨੇ ਅੱਜ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਦਾ ਪੁਲੀਸ ਨੂੰ ਰਿਮਾਂਡ ਦੇ ਦਿੱਤਾ ਹੈ। ਸੁਧੀਰ ਸਾਂਗਵਾਨ ਤੇ ਸੁਖਵਿੰਦਰ ਸਿੰਘ ਦਾ ਪੁਲੀਸ ਨੂੰ ਦਸ ਦਿਨ ਦਾ ਰਿਮਾਂਡ ਮਿਲਿਆ ਹੈ। ਅੱਜ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਦੀ ਸ਼ਨਾਖ਼ਤ ਦੱਤਾਪ੍ਰਸਾਦ ਗਾਓਂਕਰ ਵਜੋਂ ਹੋਈ ਹੈ। ਰੈਸਤਰਾਂ ਦੇ ਮਾਲਕ ਦਾ ਨਾਂ ਐਡਵਿਨ ਨਨਜ਼ ਹੈ ਜਿਸ ਦੇ ਕਰਲੀਜ਼ ਰੈਸਟੋਰੈਂਟ ਵਿਚ ਮੌਤ ਤੋਂ ਪਹਿਲਾਂ ਫੋਗਾਟ ਤੇ ਮੁਲਜ਼ਮਾਂ ਨੇ ਪਾਰਟੀ ਕੀਤੀ ਸੀ। ਇਨ੍ਹਾਂ ਨੂੰ ਅੱਜ ਸਵੇਰੇ ਅੰਜੁਨਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸਾਂਗਵਾਨ ਤੇ ਸੁਖਵਿੰਦਰ ਨੇ ਪੁਲੀਸ ਕੋਲ ਮੰਨਿਆ ਸੀ ਕਿ ਉਨ੍ਹਾਂ ਨਸ਼ਾ ਗਾਓਂਕਰ ਤੋਂ ਲਿਆ ਸੀ। ਤਸਕਰ ਤੇ ਰੈਸਤਰਾਂ ਮਾਲਕ ਨੂੰ ਐੱਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਸ਼ੁੱਕਰਵਾਰ ਕਿਹਾ ਸੀ ਕਿ ਸਾਂਗਵਾਨ ਤੇ ਸੁਖਵਿੰਦਰ ਨੇ ਫੋਗਾਟ ਨੂੰ ਪਾਣੀ ਵਿਚ ਕੋਈ ‘ਪਦਾਰਥ’ ਘੋਲ ਕੇ ਜਬਰੀ ਪਿਲਾਇਆ ਸੀ। 42 ਸਾਲਾ ਅਭਿਨੇਤਰੀ ਤੇ ਸਿਆਸੀ ਆਗੂ ਦੀ 23 ਅਗਸਤ ਨੂੰ ਗੋਆ ਵਿਚ ਮੌਤ ਹੋ ਗਈ ਸੀ। ਪੁਲੀਸ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਹੱਤਿਆ ਦਾ ਕਾਰਨ ‘ਆਰਥਿਕ ਹਿੱਤ’ ਹੋ ਸਕਦੇ ਹਨ। -ਪੀਟੀਆਈ