ਨਵੀਂ ਦਿੱਲੀ, 17 ਅਗਸਤ
ਦੇਸ਼ ਨੂੰ ਕਰੋਨਵਾਇਰਸ ਤੋਂ ਅੱਜ ਡੇਢ ਸੌ ਦਿਨਾਂ ਮਗਰੋਂ ਕੁੱਝ ਰਾਹਤ ਮਿਲੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 25,166 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਸ ਲਾਗ ਤੋਂ ਪੀੜਤ ਲੋਕਾਂ ਦੀ ਕੁੱਲ ਗਿਣਤੀ 3,22,50,679 ਹੋ ਗਈ ਹੈ। ਦੇਸ਼ ਵਿੱਚ ਸਿਹਤਯਾਬੀ ਦਰ 97.51 ਫ਼ੀਸਦੀ ਦਰਜ ਕੀਤੀ ਗਈ, ਜੋ ਮਾਰਚ 2020 ਤੋਂ ਬਾਅਦ ਹੁਣ ਤੱਕ ਦੇ ਉੱਚ ਪੱਧਰ ’ਤੇ ਹੈ। ਕਰੋਨਾ ਤੋਂ ਹੁਣ ਤੋਂ 3,14,48,754 ਲੋਕ ਉਭਰ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਤੱਕ ਵੈੱਬਸਾਈਟ ’ਤੇ ਦਰਜ ਕੀਤੇ ਅੰਕੜਿਆਂ ਮੁਤਾਬਕ ਬੀਤੇ ਇੱਕ ਦਿਨ ਵਿੱਚ ਇਸ ਲਾਗ ਨੇ 437 ਲੋਕਾਂ ਦੀ ਜਾਨ ਲੈ ਲਈ, ਜਿਸ ਨਾਲ ਮੌਤਾਂ ਦਾ ਕੁੱਲ ਅੰਕੜਾ 4,32,079 ’ਤੇ ਪਹੁੰਚ ਗਿਆ ਹੈ। ਇਸ ਸਮੇਂ ਕਰੋਨਾ ਦੇ 3,69,846 ਕੇਸ ਸਰਗਰਮ ਹਨ। ਇਹ ਅੰਕੜਾ 146 ਦਿਨਾਂ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਹੈ।
ਪਿਛਲੇ 24 ਘੰਟਿਆਂ ਦੌਰਾਨ 12,101 ਸਰਗਰਮ ਕੇਸ ਘੱਟ ਆਏ ਹਨ। ਸੋਮਵਾਰ ਨੂੰ 15,63,985 ਲੋਕਾਂ ਦੇ ਟੈਸਟ ਕੀਤੇ ਗਏ। ਇਸ ਤਰ੍ਹਾਂ ਦੇਸ਼ ਵਿੱਚ ਹੁਣ ਤੱਕ 49,66,29,524 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ। ਰੋਜ਼ਾਨਾ ਪਾਜ਼ੇਟਿਵਿਟੀ ਦਰ 22ਵੇਂ ਦਿਨ ਵੀ ਤਿੰਨ ਫ਼ੀਸਦੀ ਤੋਂ ਹੇਠਾਂ 1.61 ਫ਼ੀਸਦੀ ਦਰਜ ਕੀਤੀ ਗਈ। ਹਫ਼ਤਾਵਾਰੀ ਪਾਜ਼ੇਟਿਵਿਟੀ ਦਰ 1.98 ਫ਼ੀਸਦੀ ਰਹੀ, ਜੋ ਪਿਛਲੇ 53 ਦਿਨਾਂ ਤੋਂ 3 ਫ਼ੀਸਦੀ ਤੋਂ ਹੇਠਾਂ ਚੱਲ ਰਹੀ ਹੈ। ਟੀਕਾਕਰਨ ਮੁਹਿੰਮ ਤਹਿਤ ਦੇਸ਼ ਵਿੱਚ ਹੁਣ ਤੱਕ 55.47 ਕਰੋੜ ਲੋਕਾਂ ਨੂੰ ਕਰੋਨਾ ਰੋਕੂ ਵੈਕਸੀਨ ਦਿੱਤੀ ਜਾ ਚੁੱਕੀ ਹੈ। -ਪੀਟੀਆਈ
ਪੰਜਾਬ ਤੇ ਹਰਿਆਣਾ ’ਚ ਦੋ ਮੌਤਾਂ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾਵਾਇਰਸ ਕਾਰਨ ਪੰਜਾਬ ਦੇ ਤਰਨ ਤਾਰਨ ਅਤੇ ਹਰਿਆਣਾ ਦੇ ਰੋਹਤਕ ’ਚ ਇਕ-ਇਕ ਜਣੇ ਦੀ ਮੌਤ ਹੋ ਗਈ ਹੈ। ਇਸ ਨਾਲ ਪੰਜਾਬ ਵਿੱਚ ਕਰੋਨਾ ਮ੍ਰਿਤਕਾਂ ਦਾ ਅੰਕੜਾ 16345 ਤੇ ਹਰਿਆਣਾ ਵਿੱਚ 9661 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ 37 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 49 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਇਸ ਸਮੇਂ ਸੂਬੇ ਵਿੱਚ 543 ਐਕਟਿਵ ਕੇਸ ਹਨ। ਦੂਜੇ ਪਾਸੇ ਹਰਿਆਣਾ ਵਿੱਚ ਕਰੋਨਾ ਦੇ 15 ਨਵੇਂ ਕੇਸ ਸਾਹਮਣੇ ਆਏ ਹਨ ਅਤੇ 20 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਇਸ ਸਮੇਂ ਸੂਬੇ ਵਿੱਚ 660 ਐਕਟਿਵ ਕੇਸ ਹਨ।