ਅਹਿਮਦਾਬਾਦ, 19 ਅਗਸਤ
ਗੁਜਰਾਤ ਦੰਗਿਆਂ ਨਾਲ ਸਬੰਧਤ ਬਿਲਕੀਸ ਬਾਨੋ ਜਬਰ-ਜਨਾਹ ਕੇਸ ਵਿੱਚ 11 ਦੋਸ਼ੀਆਂ ਨੂੰ ਰਿਹਾਅ ਕਰਨ ਦੀ ਸਿਫਾਰਸ਼ ਕਰਨ ਵਾਲੇ ਪੈਨਲ ਵਿੱਚ ਸ਼ਾਮਲ ਭਾਜਪਾ ਵਿਧਾਇਕ ਸੀ. ਕੇ. ਰੌਲੀਜੀ ਨੇ ਬੀਤੇ ਦਿਨ ਕਿਹਾ ਸੀ ਕਿ ਕੁਝ ਦੋਸ਼ੀ ‘ਬ੍ਰਾਹਮਣ’ ਹਨ ਤੇ ਚੰਗੇ ਸੰਸਕਾਰਾਂ ਵਾਲੇ ਹਨ। ਉਨ੍ਹਾਂ ਦੇ ਇਸ ਬਿਆਨ ਕਾਰਨ ਵਿਵਾਦ ਪੈਦਾ ਹੋ ਗਿਆ ਹੈ। ਇਸ ਸਬੰਧ ਵਿੱਚ ਅੱਜ ਵਿਧਾਇਕ ਨੇ ਟਵੀਟ ਕੀਤਾ, ‘ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਜਬਰ-ਜਨਾਹ ਦੇ ਦੋਸ਼ੀ ਕਿਸੇ ਜਾਤ ਨਾਲ ਸਬੰਧਤ ਨਹੀਂ ਹੁੰਦੇ। ਜੇਕਰ ਕਿਸੇ ਨੇ ਗੁਨਾਹ ਕੀਤਾ ਹੈ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਸਾਨੂੰ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ।’ ਵਿਧਾਇਕ ਨੇ ਬੀਤੇ ਦਿਨ ਦਿੱਤੇ ਬਿਆਨ ਵਿੱਚ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਜਿਨ੍ਹਾਂ ਦੋਸ਼ੀਆਂ ਨੂੰ 15 ਸਾਲਾਂ ਬਾਅਦ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ ਹੈ ਕਿ ਉਹ ਜੁਰਮ ਵਿੱਚ ਸ਼ਾਮਲ ਸਨ।
ਕਾਬਿਲੇਗੌਰ ਹੈ ਕਿ 2002 ਵਿੱਚ ਹੋਏ ਗੁਜਰਾਤ ਦੰਗਿਆਂ ਦੌਰਾਨ ਬਿਲਕੀਸ ਬਾਨੋ ਸਮੂਹਿਕ ਜਬਰ-ਜਨਾਹ ਕੇਸ ਤੇ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਹੱਤਿਆ ਦੇ ਦੋਸ਼ ਹੇਠ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਬੀਤੀ 15 ਅਗਸਤ ਨੂੰ ਇਨ੍ਹਾਂ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਗੁਜਰਾਤ ਦੀ ਭਾਜਪਾ ਸਰਕਾਰ ਨੇ ਕੈਦੀਆਂ ਦੀ ‘ਰਿਹਾਈ ਯੋਜਨਾ’ ਤਹਿਤ ਇਨ੍ਹਾਂ ਦੋਸ਼ੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਸੀ ਜਿਸ ਮਗਰੋਂ ਇਹ ਦੋਸ਼ੀ ਗੋਧਰਾ ਸਬ-ਜੇਲ੍ਹ ਵਿੱਚੋਂ ਬਾਹਰ ਆ ਗਏ ਸਨ।
ਇਸ ਸਬੰਧ ਵਿੱਚ ਵਿਧਾਇਕ ਸੀ. ਕੇ. ਰੌਲੀਜੀ ਨੇ ਕਿਹਾ ਕਿ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਆਧਾਰ ’ਤੇ ਹੀ ਕੈਦੀਆਂ ਦੀ ਰਿਹਾਈ ਬਾਰੇ ਫੈਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਕੈਦੀਆਂ ਦੇ ਵਿਹਾਰ ਦਾ ਜਾਇਜ਼ਾ ਲੈਣ ਮਗਰੋਂ ਹੀ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਹੈ। -ਪੀਟੀਆਈ