ਮੁੰਬਈ, 21 ਨਵੰਬਰ
ਚੀਨ ’ਤੇ ਨਿਸ਼ਾਨਾ ਸੇਧਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕੁਝ ਗ਼ੈਰਜ਼ਿੰਮੇਵਾਰ ਮੁਲਕ ਆਪਣੇ ਸੌੜੇ ਹਿੱਤਾਂ ਅਤੇ ਦਾਬਾ ਕਾਇਮ ਰੱਖਣ ਦੇ ਸੁਭਾਅ ਕਾਰਨ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸੰਧੀ (ਯੂਐੱਨਸੀਐੱਲਓਐੱਸ) ਨੂੰ ਗਲਤ ਤਰੀਕੇ ਨਾਲ ਪਰਿਭਾਸ਼ਿਤ ਕਰ ਰਹੇ ਹਨ। ਉਨ੍ਹਾਂ ਫ਼ਿਕਰ ਜਤਾਈ ਕਿ ਸੰਧੀ ਦੀ ਪੱਖਪਾਤੀ ਤਰੀਕੇ ਨਾਲ ਵਿਆਖਿਆ ਕਰਕੇ ਕੁਝ ਮੁਲਕਾਂ ਵੱਲੋਂ ਇਸ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ। ਭਾਰਤੀ ਜਲ ਸੈਨਾ ਦੇ ਤਬਾਹਕੁੰਨ ਜੰਗੀ ਬੇੜੇ ‘ਵਿਸ਼ਾਖਾਪਟਨਮ’ ਨੂੰ ਅੱਜ ਇਥੇ ਫ਼ੌਜ ’ਚ ਸ਼ਾਮਲ ਕਰਨ ਮਗਰੋਂ ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਇਕ ਜ਼ਿੰਮੇਵਾਰ ਮੁਲਕ ਹੋਣ ਦੇ ਨਾਤੇ ਭਾਰਤ ਸਮੁੰਦਰੀ ਮਾਰਗਾਂ ’ਤੇ ਸ਼ਾਂਤਮਈ, ਖੁੱਲ੍ਹੇ ਅਤੇ ਸਥਿਰ ਨੇਮਾਂ ’ਤੇ ਆਧਾਰਿਤ ਸਿਧਾਂਤਾਂ ਦੀ ਹਮਾਇਤ ਕਰਦਾ ਹੈ। ਜ਼ਿਕਰਯੋਗ ਹੈ ਕਿ ਦੱਖਣੀ ਚੀਨ ਸਾਗਰ ’ਚ ਚੀਨ ਵੱਲੋਂ ਟਾਪੂਆਂ ’ਤੇ ਫ਼ੌਜ ਤਾਇਨਾਤ ਕੀਤੀ ਜਾ ਰਹੀ ਹੈ ਜਿਸ ਦੀ ਆਲਮੀ ਪੱਧਰ ’ਤੇ ਨਿਖੇਧੀ ਹੋ ਰਹੀ ਹੈ। ਇਸ ਖ਼ਿੱਤੇ ਨੂੰ ਲੈ ਕੇ ਪੂਰਬੀ ਅਤੇ ਦੱਖਣ-ਪੂਰਬੀ ਕਈ ਏਸ਼ਿਆਈ ਮੁਲਕਾਂ ਦੇ ਆਪੋ ਆਪਣੇ ਦਾਅਵੇ ਹਨ। ਰਾਜਨਾਥ ਸਿੰਘ ਨੇ ਕਿਹਾ ਕਿ ਇਸ ਖਿੱਤੇ ’ਚ ਅਹਿਮ ਮੁਲਕ ਵਜੋਂ ਭਾਰਤ ਦੀ ਜਲ ਸੈਨਾ ਦੀ ਭੂਮਿਕਾ ਖੇਤਰੀ ਸੁਰੱਖਿਆ ਲਈ ਹੋਰ ਵਧੇਰੇ ਮਹੱਤਵਪੂਰਨ ਹੋ ਜਾਂਦੀ ਹੈ। ਉਨ੍ਹਾਂ ਕਿਹਾ,‘‘ਆਲਮੀ ਸੁਰੱਖਿਆ ਕਾਰਨਾਂ, ਸਰਹੱਦੀ ਵਿਵਾਦਾਂ ਅਤੇ ਸਮੁੰਦਰ ’ਤੇ ਦਾਬਾ ਬਣਾਈ ਰੱਖਣ ਦੇ ਮਹੱਤਵ ਕਾਰਨ ਦੁਨੀਆ ਭਰ ਦੇ ਮੁਲਕ ਆਪਣੀ ਫ਼ੌਜੀ ਤਾਕਤ ਨੂੰ ਮਜ਼ਬੂਤ ਅਤੇ ਆਧੁਨਿਕ ਬਣਾਉਣ ’ਚ ਰੁੱਝੇ ਹੋਏ ਹਨ।’’ ਰੱਖਿਆ ਮੰਤਰੀ ਮੁਤਾਬਕ ਫ਼ੌਜੀ ਸਾਜ਼ੋ-ਸਾਮਾਨ ਦੀ ਮੰਗ ਵਧ ਰਹੀ ਹੈ ਅਤੇ ਵੱਖ ਵੱਖ ਰਿਪੋਰਟਾਂ ਅਨੁਸਾਰ ਦੁਨੀਆ ਭਰ ’ਚ ਸੁਰੱਖਿਆ ਲਾਗਤ ਦੇ 2,10,000 ਕਰੋੜ ਅਮਰੀਕੀ ਡਾਲਰ ਤੱਕ ਪਹੁੰਚਣ ਅਤੇ 5 ਤੋਂ 10 ਸਾਲਾਂ ਤੱਕ ਇਹ ਕਈ ਗੁਣਾ ਵਧਣ ਦੀ ਉਮੀਦ ਹੈ। ‘ਸਾਡੇ ਕੋਲ ਆਪਣੀ ਸਮਰੱਥਾ ਦੀ ਵਰਤੋਂ ਕਰਨ, ਨੀਤੀਆਂ ਦਾ ਲਾਭ ਉਠਾਉਣ ਅਤੇ ਦੇਸ਼ ਨੂੰ ਦੇਸੀ ਬੇੜੇ ਬਣਾਉਣ ਦਾ ਕੇਂਦਰ ਬਣਾਉਣ ਦਾ ਮੌਕਾ ਹੈ।’ ਜ਼ੋਰਦਾਰ ਹਮਲਾ ਕਰਨ ਦੇ ਸਮਰੱਥ ਦੇਸ਼ ’ਚ ਬਣਿਆ ਬੇੜਾ ‘ਵਿਸ਼ਾਖਾਪਟਨਮ’ ਪਣਡੁੱਬੀਆਂ ਨੂੰ ਨਸ਼ਟ ਕਰਨ ਵਾਲੇ ਰਾਕੇਟਾਂ ਅਤੇ ਮਿਜ਼ਾਈਲਾਂ ਨਾਲ ਲੈਸ ਹੈ। ਇਸ ਨੂੰ ਮੋਹਰੀ ਕਮਾਂਡਰਾਂ ਦੀ ਹਾਜ਼ਰੀ ’ਚ ਜਲ ਸੈਨਾ ’ਚ ਸ਼ਾਮਲ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ‘ਆਈਐੱਨਐੱਸ ਵਿਸ਼ਾਖਾਪਟਨਮ’ ਜ਼ਮੀਨ ਤੋਂ ਜ਼ਮੀਨ ਅਤੇ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ, ਦਰਮਿਆਨੀ ਤੇ ਥੋੜੀ ਦੂਰੀ ਦੀਆਂ ਤੋਪਾਂ, ਆਧੁਨਿਕ ਇਲੈਕਟ੍ਰਾਨਿਕ ਜੰਗੀ ਤੇ ਸੰਚਾਰ ਪ੍ਰਣਾਲੀਆਂ ਸਮੇਤ ਹੋਰ ਘਾਤਕ ਹਥਿਆਰਾਂ ਅਤੇ ਸੈਂਸਰਾਂ ਨਾਲ ਲੈਸ ਹੈ। ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਕਿਹਾ ਕਿ ਜੰਗੀ ਬੇੜਾ ਆਤਮ-ਨਿਰਭਰਤਾ ਦੀ ਸ਼ਾਨਦਾਰ ਮਿਸਾਲ ਹੈ। -ਪੀਟੀਆਈ