ਰਾਮਪੁਰ, 27 ਅਕਤੂਬਰ
ਇਥੋਂ ਦੀ ਇਕ ਅਦਾਲਤ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖ਼ਾਨ ਅਤੇ ਦੋ ਹੋਰਨਾਂ ਨੂੰ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਖ਼ਿਲਾਫ਼ ਮਾੜੀ ਭਾਸ਼ਾ ਵਰਤਣ ਅਤੇ ਨਫ਼ਰਤੀ ਭਾਸ਼ਨ ਦੇਣ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੰਦਿਆਂ ਤਿੰਨ ਸਾਲ ਦੀ ਕੈਦ ਤੇ 25000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਹਾਲਾਂਕਿ, ਅਦਾਲਤ ਨੇ ਵਿਧਾਇਕ ਨੂੰ ਉੱਚ ਅਦਾਲਤ ਵਿੱਚ ਅਪੀਲ ਦਾਇਰ ਕਰਨ ਦਾ ਸਮਾਂ ਦਿੰਦਿਆਂ ਜ਼ਮਾਨਤ ਦੇ ਦਿੱਤੀ ਹੈ। ਵਕੀਲ ਅਜੈ ਤਿਵਾੜੀ ਨੇ ਕਿਹਾ ਕਿ ਅਪਰੈਲ 2019 ਵਿੱਚ ਇੱਕ ਚੋਣ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਖ਼ਿਲਾਫ਼ ਮਾੜੀ ਭਾਸ਼ਾ ਵਰਤਣ ਤੇ ਰਾਮਪੁਰ ਜ਼ਿਲ੍ਹੇ ਵਿੱਚ ਤਾਇਨਾਤ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਆਲੋਚਨਾ ਕਰਦਿਆਂ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਵਿੱਚ ਆਜ਼ਮ ਖ਼ਾਨ ਖਿਲਾਫ਼ ਕੇਸ ਦਰਜ ਕੀਤਾ ਸੀ। ਖਾਨ ਦੇ ਇਸ ਬਿਆਨ ਦੀ ਵੀਡੀਓ ਵਾਇਰਲ ਹੋਈ ਸੀ। ਇਸ ਮਾਮਲੇ ਵਿਚ ਦੋਨਾਂ ਧਿਰਾਂ ਦੀ ਬਹਿਸ 21 ਅਕਤੂਬਰ ਨੂੰ ਪੂਰੀ ਹੋਈ ਸੀ। ਅਦਾਲਤ ਦੇ ਇਸ ਫੈਸਲੇ ਕਾਰਨ ਖਾਨ ਦੀ ਵਿਧਾਨ ਸਭਾ ਮੈਂਬਰੀ ਖ਼ਤਮ ਹੋ ਸਕਦੀ ਹੈ ਕਿਉਂਕਿ ਨਿਯਮਾਂ ਅਨੁਸਾਰ ਐਮਪੀ/ਵਿਧਾਇਕ ਨੂੰ ਦੋ ਸਾਲ ਜਾਂ ਉਸ ਤੋਂ ਵਧ ਦੀ ਸਜ਼ਾ ਹੋਣ ’ਤੇ ਉਸਦੀ ਸਦਨ ਦੀ ਮੈਂਬਰਸ਼ਿਪ ਖਤਮ ਹੋ ਜਾਵੇਗੀ। -ਏਜੰਸੀ