ਨਵੀਂ ਦਿੱਲੀ, 30 ਜੁਲਾਈ
ਹੁਣ ਤਕ 5 ਕਰੋੜ ਤੋਂ ਵਧ ਇਨਕਮ ਟੈਕਸ ਰਿਟਰਨਾਂ ਫਾਈਲ ਕੀਤੀਆਂ ਜਾ ਚੁੱਕੀਆਂ ਹਨ। ਆਮਦਨ ਕਰ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਸਾਲ 2021-22 ਲਈ ਰਿਟਰਨਾਂ ਫਾਈਲ ਕਰਨ ਦਾ ਐਤਵਾਰ ਨੂੰ ਆਖਿਰੀ ਦਿਨ ਹੈ। ਵਿਭਾਗ ਨੇ ਆਪਣੇ ਟਵਿੱਟਰ ਹੈਂਡਲ ’ਤੇ ਜਨਤਕ ਸੁਨੇਹਾ ਦਿੰਦਿਆਂ ਟੈਕਸ ਦੇਣ ਵਾਲਿਆਂ ਜਿਨ੍ਹਾਂ ਵਿੱਚ ਜ਼ਿਆਦਾਤਰ ਨੌਕਰੀਪੇਸ਼ਾ ਹਨ ਨੂੰ 31 ਜੁਲਾਈ ਤਕ ਆਪਣੀ ਰਿਟਰਨ ਫਾਈਲ ਕਰਨ ਲਈ ਕਿਹਾ ਹੈ। ਵਿਭਾਗ ਨੇ ਟਵੀਟ ਕੀਤਾ ਹੈ ਕਿ ‘ਲੇਟ ਫੀਸ ਤੋਂ ਬਚਣ ਲਈ ਹੁਣੇ ਰਿਟਰਨ ਫਾਈਲ ਕਰੋ।’’ ਵਿਭਾਗ ਦਾ ਕਹਿਣਾ ਹੈ ਕਿ ਅਸੈੱਸਮੈਂਟ ਸਾਲ 2022-23 ਲਈ ਸ਼ਨਿਚਰਵਾਰ ਰਾਤ 8.36 ਵਜੇ ਤਕ 5.89 ਕਰੋੜ ਲੋਕਾਂ ਨੇ ਆਈਟੀਆਰ ਫਾਈਲ ਕੀਤੀ ਹੈ। ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ(ਸੀਬੀਡੀਟੀ) ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਆਯਕਰ ਸੇਵਾ ਕੇਂਦਰ ਜਾਂ ਇਨਕਮ ਟੈਕਸ ਹੈਲਪ ਸੈਂਟਰ ਐਤਵਾਰ ਨੂੰ ਖੁੱਲ੍ਹੇ ਰਹਿਣਗੇ ਅਤੇ ਇਸ ਦੇ ਨਾਲ ਹੀ ਜਿਥੇ ਵੀ ਲੋੜ ਹੋਵੇਗੀ ਰਿਟਰਨਾਂ ਲੈਣ ਲਈ ਹੋਰ ਕੇਂਦਰ ਵੀ ਖੋਲ੍ਹੇ ਜਾਣਗੇ। -ਏਜੰਸੀ