ਨਵੀਂ ਦਿੱਲੀ: ਦੀਵਾਲੀ ਦੀ ਰਾਤ ਚਲਾਏ ਗਏ ਪਟਾਕਿਆਂ ਦੇ ਧੂੰਏਂ ਕਾਰਨ ਅੱਜ ਦਿੱਲੀ-ਐੱਨਸੀਆਰ ਖੇਤਰ ’ਚ ਪ੍ਰਦੂਸ਼ਣ ਦਾ ਪੱਧਰ ‘ਐਮਰਜੈਂਸੀ’ ਵਾਲੀ ਹੱਦ ਤੋਂ ਵੀ ਪਾਰ ਹੋ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਮੁਤਾਬਕ ਖੇਤਾਂ ’ਚ ਪਰਾਲੀ ਸਾੜਨ ਨਾਲ 32 ਫ਼ੀਸਦੀ ਪ੍ਰਦੂਸ਼ਣ ਕਾਰਨ ਸ਼ਨਿਚਰਵਾਰ ਸ਼ਾਮ ਦਿੱਲੀ ’ਚ ਹਵਾ ਦੀ ਗੁਣਵੱਤਾ ਪੀਐੱਮ-2.5 ਤੱਕ ‘ਗੰਭੀਰ’ ਸੀ, ਜਿਸ ਨੂੰ ਪਟਾਕਿਆਂ ਦੇ ਧੂੰਏਂ ਅਤੇ ਸ਼ਾਂਤ ਹਵਾਵਾਂ ਨੇ ਹੋਰ ‘ਖ਼ਤਰਨਾਕ’ ਬਣਾ ਦਿੱਤਾ। ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਪਾਬੰਦੀ ਦੇ ਬਾਵਜੂਦ ਲੋਕਾਂ ਨੇ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਸ਼ਹਿਰਾਂ ’ਚ ਸ਼ਨਿਚਰਵਾਰ ਰਾਤ ਵੱਡੀ ਪੱਧਰ ’ਤੇ ਪਟਾਕੇ ਚਲਾਏ, ਜਿਸ ਨਾਲ ਹਵਾ ਪ੍ਰਦੂੁਸ਼ਣ ਗੰਭੀਰ ਹੱਦ ਤੱਕ ਪਹੁੰਚ ਗਿਆ। ਦਿੱਲੀ ਪੁਲੀਸ ਨੇ ਅਜਿਹੇ ਮਾਮਲਿਆਂ ’ਚ 10 ਲੋਕਾਂ ਨੂੰ ਗ੍ਰਿਫ਼ਤਾਰ ਅਤੇ 638 ਕਿੱਲੋ ਪਟਾਕੇ ਬਰਾਮਦ ਕੀਤੇ ਹਨ। ਦਿੱਲੀ ਵਿੱਚ ਸ਼ਨਿਚਰਵਾਰ ਸ਼ਾਮ 4 ਵਜੇ ਹਵਾ ਗੁਣਵੱਤਾ ਇੰਡੈਕਸ 414 ਸੀ ਜੋ ਰਾਤ 10 ਵਜੇ ਵਧ ਕੇ 454 ਹੋ ਗਿਆ। ਐਤਵਾਰ ਸਵੇਰੇ 9 ਵਜੇ ਇਹ 465 ਦਰਜ ਕੀਤਾ ਗਿਆ। ਜਦਕਿ ਗੁਆਂਢੀ ਸ਼ਹਿਰਾਂ ’ਚੋਂ ਫਰੀਦਾਬਾਦ (438), ਗਾਜ਼ੀਆਬਾਦ (483), ਗਰੇਟਰ ਨੋਇਡਾ (439), ਗੁੜਗਾਓਂ (424), ਅਤੇ ਨੋਇਡਾ (466) ਦਾ ਹਵਾ ਗੁਣਵੱਤਾ ਅੰਕ ਵੀ ਗੰਭੀਰ ਵਰਗ ’ਚ ਦਰਜ ਕੀਤਾ ਗਿਆ। ਇਸੇ ਦੌਰਾਨ ਅੱਜ ਸ਼ਾਮ ਹੋਈ ਹਲਕੀ ਬਾਰਿਸ਼ ਨਾਲ ਹਵਾ ’ਚ ਥੋੜ੍ਹਾ ਸੁਧਾਰ ਵੀ ਹੋਇਆ। ਮੌਸਮ ਵਿਭਾਗ ਮੁਤਾਬਕ ਹਵਾ ਦੀ ਰਫ਼ਤਾਰ ਵਧਣ ਨਾਲ ਸੋਮਵਾਰ ਨੂੰ ਹਵਾ ਗੁਣਵੱਤਾ ’ਚ ਸੁਧਾਰ ਹੋਣ ਦੀ ਸੰਭਾਵਨਾ ਹੈ।
-ਪੀਟੀਆਈ